​​​​​​​ਆਸਟ੍ਰੇਲੀਆ ''ਚ ਲੂ ਦਾ ਕਹਿਰ, ਸਿਡਨੀ ''ਚ ਓਜ਼ੋਨ ਅਲਰਟ ਜਾਰੀ

Wednesday, Jan 16, 2019 - 07:17 PM (IST)

​​​​​​​ਆਸਟ੍ਰੇਲੀਆ ''ਚ ਲੂ ਦਾ ਕਹਿਰ, ਸਿਡਨੀ ''ਚ ਓਜ਼ੋਨ ਅਲਰਟ ਜਾਰੀ

ਕੈਨਬਰਾ— ਆਸਟ੍ਰੇਲੀਆ ਭਿਆਨਕ ਲੂ ਦੀ ਲਪੇਟ 'ਚ ਹੈ ਤੇ ਦੇਸ਼ ਦੇ ਕਈ ਹਿੱਸਿਆਂ 'ਚ ਪਾਰਾ 50 ਡਿਗਰੀ ਨੇੜੇ ਪਹੁੰਚ ਗਿਆ ਹੈ। ਇਸ ਦੇ ਚੱਲਦੇ ਬੁੱਧਵਾਰ ਨੂੰ ਸਿਡਨੀ 'ਚ ਓਜ਼ੋਨ ਅਲਰਟ ਜਾਰੀ ਕੀਤਾ ਗਿਆ ਹੈ। ਪੱਤਰਕਾਰ ਏਜੰਸੀ ਐੱਫਕੇ ਮੁਤਾਬਕ ਮੌਸਮ ਵਿਭਾਗ ਨੇ ਸੋਮਵਾਰ ਤੇ ਸ਼ੁੱਕਰਵਾਰ ਦੇ ਵਿਚਾਲੇ ਦਿਨ 'ਚ 12 ਡਿਗਰੀ ਤੇ ਰਾਤ ਨੂੰ 10 ਡਿਗਰੀ ਤਾਪਮਾਨ ਵਧਣ ਦੀ ਸੰਭਾਵਨਾ ਜਤਾਈ ਹੈ।

ਹਾਲਾਂਕਿ ਸਿਡਨੀ 'ਚ ਜ਼ਿਆਦਾਤਰ ਤਾਪਮਾਨ 41 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਸਿਹਤ ਮੰਤਰਾਲੇ ਨੇ ਨਿਊ ਸਾਊਥ ਵੇਲਸ ਸੂਬੇ 'ਚ ਚਿਤਾਵਨੀ ਜਾਰੀ ਕੀਤੀ ਹੈ ਕਿ ਗਰਮੀ ਤੇ ਧੁੱਪ ਕਾਰਨ ਓਜ਼ੋਨ ਪੱਧਰ 'ਚ ਵਾਧਾ ਹੋਣ ਨਾਲ ਸਾਹ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਵਾਤਾਵਰਣੀ ਸਿਹਤ ਨਿਰਦੇਸ਼ਕ ਰਿਚਰਡ ਬਰੂਮ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਓਜ਼ੋਨ ਦਾ ਪੱਧਰ ਇਨਡੋਰ ਮੁਕਾਬਲੇ ਆਊਟਡੋਰ 'ਚ ਜ਼ਿਆਦਾ ਹੁੰਦਾ ਹੈ ਤੇ ਇਹ ਆਮ ਕਰਕੇ ਦੁਪਹਿਰੇ ਤੇ ਸ਼ਾਮ ਵੇਲੇ ਸਭ ਤੋਂ ਜ਼ਿਆਦਾ ਹੁੰਦਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਹੋਬਾਰਟ ਨੂੰ ਛੱਡ ਕੇ ਦੇਸ਼ ਦੇ ਮੁੱਖ ਸ਼ਹਿਰਾਂ 'ਚ ਬੁੱਧਵਾਰ ਨੂੰ ਤਾਪਮਾਨ 34 ਤੇ 41 ਡਿਗਰੀ ਦੇ ਵਿਚਾਲੇ ਰਹਿਣ ਦੀ ਉਮੀਦ ਹੈ। ਜਦਕਿ ਅੰਦਰੂਨੀ ਹਿੱੱਸਿਆਂ 'ਚ 45 ਡਿਗਰੀ ਤੇ ਉਸ ਤੋਂ ਵੀ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਦੱਖਣੀ ਆਸਟ੍ਰੇਲੀਆ ਸੂਬੇ ਦੇ ਪੋਰਟ ਆਗਸਟਾ ਸ਼ਹਿਰ 'ਚ ਮੰਗਲਵਾਰ ਨੂੰ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ, ਜਿਥੇ ਪਾਰਾ 48.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਤੇ ਸੂਬੇ ਦੇ ਛੋਟੇ ਸ਼ਹਿਰ ਟਾਰਕੁਲਾ 'ਚ ਪਾਰਾ 49 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।


author

Baljit Singh

Content Editor

Related News