ਖਾਲੀ ਕਰਨਾ ਪੈ ਸਕਦੈ ਪੂਰਾ ਸ਼ਹਿਰ! ਪਾਣੀ ਸੰਕਟ ਵਿਚਾਲੇ ਇਸ ਦੇਸ਼ ਦੇ ਰਾਸ਼ਟਰਪਤੀ ਨੇ ਜਾਰੀ ਕਰ''ਤੀ ਚਿਤਾਵਨੀ

Sunday, Nov 09, 2025 - 01:53 PM (IST)

ਖਾਲੀ ਕਰਨਾ ਪੈ ਸਕਦੈ ਪੂਰਾ ਸ਼ਹਿਰ! ਪਾਣੀ ਸੰਕਟ ਵਿਚਾਲੇ ਇਸ ਦੇਸ਼ ਦੇ ਰਾਸ਼ਟਰਪਤੀ ਨੇ ਜਾਰੀ ਕਰ''ਤੀ ਚਿਤਾਵਨੀ

ਤਹਿਰਾਨ : ਈਰਾਨ ਦੀ ਰਾਜਧਾਨੀ ਤਹਿਰਾਨ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿਚੋਂ ਇਕ ਹੈ। ਇਥੇ ਇਕ ਕਰੋੜ ਤੋਂ ਵਧੇਰੇ ਲੋਕ ਰਹਿੰਦੇ ਹਨ। ਪਰ ਅੱਜ ਇਹ ਸ਼ਹਿਰ ਪਾਣੀ ਦੀ ਸਭ ਤੋਂ ਵੱਡੀ ਮੁਸੀਬਤ ਨਾਲ ਜੂਝ ਰਿਹਾ ਹੈ। ਇਹੀ ਨਹੀਂ ਇਥੇ ਪਾਣੀ ਦੀ ਰਾਸ਼ਨਿੰਗ ਵੀ ਸ਼ੁਰੂ ਕੀਤੀ ਜਾ ਰਹੀ ਹੈ। ਜੇ ਦਸੰਬਰ ਤੱਕ ਸੋਕਾ ਬਣਿਆ ਰਿਹਾ ਤਾਂ ਤਹਿਰਾਨ ਨੂੰ ਖਾਲੀ ਕਰਵਾਉਣਾ ਪੈ ਸਕਦਾ ਹੈ।

ਕਿਉਂ ਵਧ ਗਈ ਪਾਣੀ ਦੀ ਕਮੀ?
ਤਹਿਰਾਨ ਵਿਚ ਪਾਣੀ ਖਤਮ ਹੋਣ ਦੀ ਕਗਾਰ ਉੱਤੇ ਹੈ। ਅਮੀਰ ਕਬੀਰ ਬੰਨ੍ਹ ਵਿਚ ਪਾਣੀ ਸਿਰਫ ਛੇਵਾਂ ਹਿੱਸਾ ਹੀ ਬਚਿਆ ਹੈ। ਅੱਧੇ ਤੋਂ ਵਧੇਰੇ ਸੂਬਿਆਂ ਵਿਚ ਮੀਂਹ ਨਹੀਂ ਪਿਆ ਹੈ। ਸਰਕਾਰ ਰਾਤ ਨੂੰ ਪਾਣੀ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ। ਤਾਂ ਕਿ ਪਾਣੀ ਨੂੰ ਮੁੜ ਜਮਾ ਕੀਤਾ ਜਾ ਸਕੇ। ਪਰ ਅਸਲ ਵਿਚ ਬੰਨ੍ਹ ਸੁੱਕ ਗਏ ਹਨ। ਇਕ ਅਧਿਕਾਰੀ ਨੇ ਕਿਹਾ ਕਿ ਦੋ ਹਫਤਿਆਂ ਵਿਚ ਪੀਣ ਦਾ ਪਾਣੀ ਵੀ ਖਤਮ ਹੋ ਸਕਦਾ ਹੈ।

ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਨੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇ ਨਵੰਬਰ ਦੇ ਅਖੀਰ ਤੱਕ ਮੀਂਹ ਨਾ ਪਿਆ ਤਾਂ ਪਾਣੀ ਵੰਡਨਾ ਪਏਗਾ ਤੇ ਜੇ ਦਸੰਬਰ ਤੱਕ ਸੋਕਾ ਰਿਹਾ ਤਾਂ ਤਹਿਰਾਨ ਛੱਡਣਾ ਪਏਗਾ। ਇਹ ਸੁਣਨ ਵਿਚ ਡਰਾਉਣਾ ਲੱਗਦਾ ਹੈ। ਪਰ ਇਹੀ ਸੱਚ ਹੈ। ਈਰਾਨ ਦਹਾਕਿਆਂ ਦੇ ਸਭ ਤੋਂ ਭਿਆਨਕ ਸੋਕੇ ਤੋਂ ਲੰਘ ਰਿਹਾ ਹੈ।

ਸੋਕੇ ਦੇ ਕੀ ਹਨ ਕਾਰਨ
ਸਰਕਾਰ ਜਲਵਾਯੂ ਪਰਿਵਰਤਨ ਨੂੰ ਦੋਸ਼ ਦੇ ਰਹੀ ਹੈ। ਮੌਸਮ ਬਦਲ ਰਿਹਾ ਹੈ। ਗਰਮੀ ਦੀਆਂ ਲਹਿਰਾਂ ਆ ਰਹੀਆਂ ਹਨ। ਜਿਥੇ ਤਾਪਮਾਨ 50 ਡਿਗਰੀ ਤੋਂ ਉਪਰ ਚਲਾ ਜਾਂਦਾ ਹੈ। ਮੀਂਹ ਦੀ ਕਮੀ ਹੋ ਰਹੀ ਹੈ। ਤਹਿਰਾਨ ਖੇਤਰ ਵਿਚ 100 ਫੀਸਦੀ ਦੀ ਕਮੀ ਹੋ ਚੁੱਕੀ ਹੈ। ਪਰ ਇਹ ਸਿਰਫ ਅੱਧਾ ਸੱਚ ਹੈ। ਅਸਲ ਸਮੱਸਿਆ ਇਨਸਾਨ ਨੇ ਬਣਾਈ ਹੈ। ਦਹਾਕਿਆਂ ਦੀਆਂ ਗਲਤੀਆਂ ਹੁਣ ਭੁਗਤਣੀਆਂ ਪੈ ਰਹੀਆਂ ਹਨ।

ਵਧੇਰੇ ਖੇਤੀ ਤੇ ਪਾਣੀ ਦੀ ਗਲਤ ਵਰਤੋਂ
ਈਰਾਨ ਵਿਚ 90 ਫੀਸਦੀ ਤੋਂ ਜ਼ਿਆਦਾ ਪਣੀ ਖੇਤੀ ਲਈ ਖਰਚ ਹੁੰਦਾ ਹੈ। ਪਰ ਇਹ ਖੇਤੀ ਪੁਰਾਣੀ ਹੈ। ਕਿਸਾਨ ਜ਼ਿਆਦਾ ਪਾਣੀ ਵਾਲੀਆਂ ਫਸਲਾਂ ਉਗਾਉਂਦੇ ਹਨ, ਜਿਵੇਂ ਚਾਵਲ ਤੇ ਝੌਨਾ। ਨਦੀਆਂ ਸੁੱਕ ਰਹੀਆਂ ਹਨ। ਜਾਯਦੇਂਹ ਰੂਦ ਜਿਹੀਆਂ ਨਦੀਆਂ ਹੁਣ ਮੌਸਮੀ ਧਾਰਾ ਬਣ ਗਈਆਂ ਹਨ। ਬੰਨ੍ਹ ਬਣਾ ਕੇ ਨਦੀਆਂ ਦਾ ਵਹਾਅ ਵਿਗੜ ਗਿਆ ਹੈ। ਦਲਦਲ ਨਸ਼ਟ ਹੋ ਗਏ।

ਵਧੇਰੇ ਖੂਹ ਤੇ ਪੰਪਿੰਗ
ਈਰਾਨ ਵਿਚ ਤੇਲ ਵਾਂਗ ਖੂਹ ਵੀ ਪੁੱਟੇ ਗਏ। ਜ਼ਮੀਨੀ ਪਾਣੀ ਨੂੰ ਇੰਨਾ ਕੱਢਿਆ ਗਿਆ ਕਿ ਹੁਣ ਇਹ ਰੀਚਾਰਜ ਨਹੀਂ ਹੋ ਪਾ ਰਿਹਾ ਹੈ। ਸ਼ਹਿਰਾਂ ਵਿਚ ਤੇਜ਼ੀ ਨਾਲ ਇਮਾਰਤਾਂ ਬਣੀਆਂ। ਆਬਾਦੀ ਵਧੀ, ਪਰ ਪਾਣੀ ਦੀ ਕੋਈ ਯੋਜਨਾ ਨਹੀਂ ਬਣੀ। ਤਹਿਰਾਨ ਜਿਹੇ ਸ਼ਹਿਰਾਂ ਵਿਚ ਪਾਣੀ ਦੀ ਮੰਗ ਦੋਗੁਣੀ ਹੋ ਗਈ। ਪਰ ਸਪਲਾਈ ਉਹੀ ਰਹੀ।

ਸਰਕਾਰੀ ਲਾਪਰਵਾਹੀ
ਸਰਕਾਰ ਨੇ ਸਾਲਾਂ ਤਕ ਸਮੱਸਿਆ ਨੂੰ ਨਜ਼ਰਅੰਦਾਜ਼ ਕੀਤਾ। ਬੰਨ੍ਹ ਬਣਾਏ ਪਰ ਬਿਨਾ ਸੋਚੇ। ਜਲਵਾਯੂ ਪਰਿਵਰਤਨ ਨੂੰ ਗੰਭੀਰਤਾ ਨਾਲ ਨਹੀਂ ਲਿਆ। ਖੇਤੀ ਤੇ ਬੁਨਿਆਦੀ ਢਾਂਚੇ ਦੀਆਂ ਗਲਤ ਨੀਤੀਆਂ ਬਣੀਆਂ। ਹੁਣ ਤਕ ਕੋਈ ਵੱਡਾ ਪਲਾਨ ਨਹੀਂ ਹੈ। ਮਾਹਰ ਕਹਿੰਦੇ ਹਨ ਕਿ ਇਹ ਆਤਮਘਾਟੀ ਪ੍ਰਬੰਧਨ ਹੈ। ਇਹ ਕਾਰਨ ਮਿਲ ਕੇ ਇਕ ਵੱਡਾ ਤੂਫਾਨ ਲਿਆਏ ਹਨ। ਜਲਵਾਯੂ ਪਰਿਵਰਤਨ ਨੇ ਅੱਗ ਲਾਈ ਹੈ, ਪਰ ਇਨਸਾਨੀ ਗਲਤੀਆਂ ਸਭ ਤੋਂ ਵੱਡਾ ਕਾਰਨ ਹੈ।

ਕੀ ਕਹਿੰਦੀ ਹੈ ਸਰਕਾਰ
ਈਰਾਨ ਨਿਰਾਸ਼ ਹੈ। ਗੁਆਂਢੀ ਦੇਸ਼ਾਂ-ਅਫਗਾਨਿਸਤਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ ਤੋਂ ਪਾਣੀ ਮੰਗਿਆ ਜਾ ਰਿਹਾ ਹੈ। ਇਹ ਕੂਟਨੀਤੀ ਨਹੀਂ, ਮਜਬੂਰੀ ਹੈ। ਤਹਿਰਾਨ ਵਿਚ ਰਾਤ ਵੇਲੇ ਪਾਣੀ ਬੰਦ ਕੀਤਾ ਜਾ ਰਿਹਾ ਹੈ। ਕੁਝ ਇਲਾਕਿਆਂ ਵਿਚ ਪਹਿਲਾਂ ਹੀ ਕਟੌਤੀ ਹੋ ਰਹੀ ਹੈ। ਪਰ ਮੀਂਹ ਨਾ ਆਇਆ ਤਾਂ ਹਾਲਾਤ ਹੋ ਵਿਗੜ ਜਾਣਗੇ।

ਮਾਹਰਾਂ ਦੀ ਮੰਨੀਏ ਤਾਂ ਹੁਣੇ ਕਦਮ ਚੁੱਕਣੇ ਪੈਣਗੇ। ਪਾਣੀ ਬਚਾਓ ਮੁਹਿੰਮ, ਨਵੀਆਂ ਤਕਨੀਕਾਂ ਤੇ ਸਹੀ ਨੀਤੀਆਂ। ਪਰ ਸਭ ਤੋਂ ਪਹਿਲਾਂ ਮੀਂਹ ਚਾਹੀਦਾ ਹੈ। ਜੇ ਦਸੰਬਰ ਤੱਕ ਮੀਂਹ ਨਾ ਪਿਆ ਤਾਂ ਤਹਿਰਾਨ ਦੀ ਕਹਾਣੀ ਇਤਿਹਾਸ ਬਣ ਸਕਦੀ ਹੈ।


author

Baljit Singh

Content Editor

Related News