ਡਾਕਟਰਾਂ ਦਾ ਕਮਾਲ, ਅੱਖਾਂ ਦੀ ਰੌਸ਼ਨੀ ਵਾਪਸ ਲਿਆਉਣ ਲਈ ਕੀਤੀ 'ਦੰਦ' ਦੀ ਵਰਤੋਂ

Monday, Mar 03, 2025 - 11:40 AM (IST)

ਡਾਕਟਰਾਂ ਦਾ ਕਮਾਲ, ਅੱਖਾਂ ਦੀ ਰੌਸ਼ਨੀ ਵਾਪਸ ਲਿਆਉਣ ਲਈ ਕੀਤੀ 'ਦੰਦ' ਦੀ ਵਰਤੋਂ

ਇੰਟਰਨੈਸ਼ਨਲ ਡੈਸਕ- ਮੈਡੀਕਲ ਸਾਇੰਸ ਤੇਜ਼ੀ ਨਾਲ ਤਰੱਕੀ ਕਰ ਰਹੀ ਹੈ। ਕੈਨੇਡਾ ਤੋਂ ਇੱਕ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਲੋਕ ਵਿਸ਼ਵਾਸ ਨਹੀਂ ਕਰ ਪਾ ਰਹੇ। ਇਹ ਮਾਮਲਾ ਕੈਨੇਡਾ ਵਿੱਚ ਇੱਕ ਜਟਿਲ ਸਰਜਰੀ ਦਾ ਹੈ ਜਿਸ ਨਾਲ ਇੱਕ ਅੰਨ੍ਹੇ ਇਨਸਾਨ ਦੀ ਨਜ਼ਰ ਬਹਾਲ ਹੋਣ ਦੀ ਉਮੀਦ ਹੈ ਅਤੇ ਤੁਸੀਂ ਇਸਦੇ ਪਿੱਛੇ ਦੀ ਤਕਨੀਕ ਜਾਣ ਕੇ ਹੈਰਾਨ ਰਹਿ ਜਾਓਗੇ। ਅਸਲ ਵਿਚ ਡਾਕਟਰਾਂ ਨੇ ਉਸਦੀ ਅੱਖ ਵਿੱਚ ਇੱਕ ਦੰਦ ਲਗਾਇਆ ਹੈ!

ਡਾਕਟਰਾਂ ਨੇ ਕੀਤੀ ਮਰੀਜ਼ ਦੇ ਦੰਦ ਦੀ ਵਰਤੋਂ

ਬ੍ਰੈਂਟ ਚੈਪਮੈਨ ਨਾਮ ਦੇ ਵਿਅਕਤੀ ਦੀ ਅੱਖ ਵਿਚ ਡਾਕਟਰਾਂ ਨੇ ਇਕ ਵਿਸ਼ੇਸ਼ ਆਪ੍ਰੇਸ਼ਨ 'ਟੂਥ ਇਨ ਆਈ' ਤਕਨੀਕ ਤਹਿਤ ਉਸ ਦੇ ਖ਼ੁਦ ਦੇ ਦੰਦ ਦੀ ਵਰਤੋਂ ਕੀਤੀ ਹੈ। ਇਹ ਆਪ੍ਰੇਸ਼ਨ ਦੁਨੀਆ ਦੇ ਕੁਝ ਹਿੱਸਿਆਂ 'ਚ ਸਾਲਾਂ ਤੋਂ ਕੀਤਾ ਜਾ ਰਿਹਾ ਹੈ, ਪਰ ਇਹ ਕੈਨੇਡਾ 'ਚ ਆਪਣੀ ਕਿਸਮ ਦਾ ਪਹਿਲਾ ਆਪ੍ਰੇਸ਼ਨ ਹੈ। ਇਸ ਵਿਲੱਖਣ ਆਪ੍ਰੇਸ਼ਨ ਨੂੰ ਓਸਟੀਓ-ਓਡੋਂਟੋ-ਕੇਰਾਟੋਪ੍ਰੋਸਥੇਸਿਸ (OOKP) ਕਿਹਾ ਜਾਂਦਾ ਹੈ, ਜਿਸ ਵਿੱਚ ਮਰੀਜ਼ ਦੇ ਦੰਦ ਨੂੰ ਇੱਕ ਨਕਲੀ ਕੌਰਨੀਆ ਦੇ ਰੂਪ ਵਿਚ ਸਹਾਇਤਾ ਵਜੋਂ ਵਰਤਿਆ ਜਾਂਦਾ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ ਡਾਕਟਰਾਂ ਨੇ ਚੈਪਮੈਨ ਦੇ ਇੱਕ ਦੰਦ ਨੂੰ ਕੱਢਿਆ, ਇਸਨੂੰ ਇੱਕ ਛੋਟੇ ਜਿਹੇ ਟੁਕੜੇ ਵਿੱਚ ਕੱਟਿਆ ਅਤੇ ਫਿਰ ਉਸ ਵਿੱਚ ਇੱਕ ਆਪਟੀਕਲ ਲੈਂਸ ਲਗਾਇਆ। ਫਿੱਟ ਕੀਤਾ ਹੋਇਆ ਦੰਦ ਤਿੰਨ ਮਹੀਨਿਆਂ ਲਈ ਉਸਦੀ ਗੱਲ੍ਹ ਦੇ ਅੰਦਰ ਲਗਾਇਆ ਗਿਆ ਸੀ ਤਾਂ ਜੋ ਇਸ 'ਤੇ ਇੱਕ ਸਹਾਇਕ ਟਿਸ਼ੂ ਬਣ ਸਕੇ। ਇਸ ਦੌਰਾਨ ਅੱਖ ਦੀ ਸਤ੍ਹਾ ਦੀ ਉੱਪਰਲੀ ਪਰਤ ਨੂੰ ਹਟਾ ਦਿੱਤਾ ਗਿਆ ਅਤੇ ਗੱਲ੍ਹ ਦੇ ਅੰਦਰਲੇ ਹਿੱਸੇ ਤੋਂ ਲਈ ਗਈ ਚਮੜੀ ਨਾਲ ਢੱਕ ਦਿੱਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-Trudeau ਦੀ ਲਿਬਰਲ ਪਾਰਟੀ ਦੀ ਵਾਪਸੀ 'ਚ Trump ਦੀਆਂ ਧਮਕੀਆਂ ਦੀ ਅਹਿਮ ਭੂਮਿਕਾ

ਦੂਜੇ ਪੜਾਅ ਵਿਚ ਤਿੰਨ ਮਹੀਨਿਆਂ ਬਾਅਦ ਦੰਦ ਨੂੰ ਗੱਲ੍ਹ ਤੋਂ ਕੱਢ ਕੇ ਅੱਖ ਵਿੱਚ ਲਗਾਇਆ ਜਾਵੇਗਾ। ਅੱਖ ਦੇ ਖਰਾਬ ਹੋਏ ਆਇਰਿਸ ਅਤੇ ਲੈਂਸ ਨੂੰ ਹਟਾ ਦਿੱਤਾ ਜਾਵੇਗਾ ਅਤੇ ਦੰਦ ਵਿੱਚ ਲੱਗੇ ਆਪਟੀਕਲ ਲੈਂਸ ਨੂੰ ਉੱਥੇ ਲਗਾਇਆ ਜਾਵੇਗਾ। ਅੱਖ ਦੀ ਚਮੜੀ ਨੂੰ ਦੁਬਾਰਾ ਸੀਲ ਕਰ ਦਿੱਤਾ ਜਾਵੇਗਾ, ਸਿਰਫ਼ ਇੱਕ ਛੋਟਾ ਜਿਹਾ ਛੇਕ ਰਹਿ ਜਾਵੇਗਾ ਜਿਸ ਰਾਹੀਂ ਮਰੀਜ਼ ਦੇਖ ਸਕੇਗਾ।

ਦੰਦ ਦੀ ਵਰਤੋਂ ਸਬੰਧੀ ਡਾਕਟਰ ਨੇ ਕੀਤਾ ਖੁਲਾਸਾ

ਡਾ. ਗ੍ਰੇਗ ਮੋਲੋਨੀ ਅਨੁਸਾਰ ਦੰਦ ਦੀ ਬਣਤਰ ਇਸਨੂੰ ਆਪਟੀਕਲ ਲੈਂਸਾਂ ਨੂੰ ਸੁਰੱਖਿਅਤ ਕਰਨ ਲਈ ਆਦਰਸ਼ ਬਣਾਉਂਦੀ ਹੈ। ਨਾਲ ਹੀ ਗੱਲ੍ਹਾਂ ਦੀ ਚਮੜੀ ਅਤੇ ਦੰਦ ਇੱਕ ਦੂਜੇ ਨੂੰ ਆਸਾਨੀ ਨਾਲ ਸਵੀਕਾਰ ਕਰਦੇ ਹਨ, ਇਸ ਲਈ ਸਰੀਰ ਇਸਨੂੰ ਅਸਵੀਕਾਰ ਨਹੀਂ ਕਰਦਾ।ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਆਖਰੀ ਸਰਜਰੀ ਪੂਰੀ ਹੋਣ 'ਤੇ ਚੈਪਮੈਨ ਦੀ ਨਜ਼ਰ ਵਾਪਸ ਆਵੇਗੀ ਜਾਂ ਨਹੀਂ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਡਾਕਟਰੀ ਵਿਗਿਆਨ ਵਿੱਚ ਇੱਕ ਵੱਡੀ ਪ੍ਰਾਪਤੀ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News