ਨੌਦੀਪ ਕੌਰ ਦੀ ਗ੍ਰਿਫ਼ਤਾਰੀ ਬੇਹੱਦ ਨਿੰਦਣਯੋਗ : ਤਨਮਨਜੀਤ ਸਿੰਘ ਢੇਸੀ
Friday, Feb 12, 2021 - 04:01 PM (IST)
ਜਲੰਧਰ/ਲੰਡਨ (ਮਹੇਸ਼): ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਅੱਗੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਉਨ੍ਹਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੀ ਨੌਦੀਪ ਕੌਰ ਦੀ ਦਿੱਲੀ ਪੁਲਸ ਵਲੋਂ ਕੀਤੀ ਗਈ ਗ੍ਰਿਫ਼ਤਾਰੀ 'ਤੇ ਡੂੰਘੀ ਚਿੰਤਾ ਪ੍ਰਗਟਾਉਂਦੇ ਹੋਏ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵਲੋਂ ਇਸ ਨੂੰ ਬੇਹੱਦ ਨਿੰਦਣਯੋਗ ਦੱਸਿਆ ਗਿਆ ਹੈ | ਢੇਸੀ ਨੇ ਟਵੀਟ ਕਰਕੇ ਕਿਹਾ ਹੈ ਕਿ ਇਸ ਘਟਨਾ ਨਾਲ ਲੋਕਤੰਤਰੀ ਪ੍ਰਣਾਲੀ ਨੂੰ ਢਾਹ ਲੱਗੀ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ, ਮਜਦੂਰਾਂ ਅਤੇ ਉਨ੍ਹਾਂ ਦੇ ਹੱਕ ਵਿਚ ਅੱਗੇ ਆਉਣ ਵਾਲਿਆਂ 'ਤੇ ਕੀਤੇ ਜਾ ਰਹੇ ਅਤਿਆਚਾਰ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ|
ਉਨ੍ਹਾਂ ਨੇ ਕਿਹਾ ਕਿ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਟਰੇਡ ਯੂਨੀਅਨ ਦੀ ਆਗੂ ਨੌਦੀਪ ਕੌਰ ਦੀ ਗ੍ਰਿਫ਼ਤਾਰੀ ਤੋਂ ਚਾਰ ਹਫਤੇ ਬਾਅਦ ਵੀ ਉਸ ਨੂੰ ਜ਼ਮਾਨਤ ਨਹੀਂ ਮਿਲੀ ਹੈ | ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਹੀ ਉਨ੍ਹਾਂ ਦੇ ਹੱਕ ਵਿਚ ਵੱਡੇ-ਵੱਡੇ ਕਦਮ ਉਠਾਉਣ ਵਾਲੇ ਐੱਮ.ਪੀ. ਢੇਸੀ ਨੇ ਕਿਹਾ ਹੈ ਕਿ ਦੁਨੀਆ ਭਰ ਦੇ ਆਗੂਆਂ ਨੂੰ ਨੌਦੀਪ ਕੌਰ ਦੀ ਰਿਹਾਈ ਲਈ ਆਪਣੀ ਆਵਾਜ਼ ਬੁਲੰਦ ਕਰਨੀ ਹੋਵੇਗੀ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨਾਂ ਦੀ ਦੂਰਵਰਤੋਂ ਅਤੇ ਖਾਸ ਕਰਕੇ ਬੀਬੀਆਂ ਅਤੇ ਕਾਰਕੁਨਾਂ ਖ਼ਿਲਾਫ਼ ਕਾਰਵਾਈ ਲੋਕਤੰਤਰ ਅਤੇ ਸਿਵਲ ਸੋਸਾਇਟੀ ਦੀ ਬੁਨਿਆਦੀ ਭਾਵਨਾ ਦੇ ਵਿਰੁੱਧ ਹੈ |
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਦਾ ਦਾਅਵਾ : ਟਰੂਡੋ ਨੇ ਪੀ.ਐੱਮ.ਮੋਦੀ ਨਾਲ ਗੱਲਬਾਤ 'ਚ ਚੁੱਕਿਆ ਕਿਸਾਨ ਅੰਦੋਲਨ ਦਾ ਮੁੱਦਾ
ਢੇਸੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਵਿਦੇਸ਼ ਮੰਤਰੀ ਕੋਲ ਵੀ ਕਿਸਾਨਾਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾ ਚੁੱਕੇ ਹਨ | ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਕਿਸਾਨਾਂ ਦੇ ਸਮਰਥਨ ਵਿਚ ਦਿੱਤੇ ਗਏ ਪੱਤਰ 'ਤੇ ਵੀ 100 ਤੋਂ ਵੱਧ ਇੰਗਲੈਂਡ ਦੇ ਐੱਮ. ਪੀਜ਼ ਵੱਲੋਂ ਆਪਣੇ ਹਸਤਾਖਰ ਕੀਤੇ ਗਏ ਸਨ| ਢੇਸੀ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨੌਦੀਪ ਕੌਰ ਦੀ ਰਿਹਾਈ ਤੁਰੰਤ ਕੀਤੀ ਜਾਵੇ |
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।