ਮਾਸਕੋ ''ਚ ਤਾਲਿਬਾਨ ਤੇ ਅਫਗਾਨ ਅਧਿਕਾਰੀ ਸੰਘਰਸ਼ ਖਤਮ ਕਰਨ ''ਤੇ ਕਰਨਗੇ ਚਰਚਾ

Tuesday, May 28, 2019 - 07:31 PM (IST)

ਮਾਸਕੋ ''ਚ ਤਾਲਿਬਾਨ ਤੇ ਅਫਗਾਨ ਅਧਿਕਾਰੀ ਸੰਘਰਸ਼ ਖਤਮ ਕਰਨ ''ਤੇ ਕਰਨਗੇ ਚਰਚਾ

ਕਾਬੁਲ (ਏਜੰਸੀ)- ਅਮਰੀਕਾ ਨਾਲ ਸ਼ਾਂਤੀ ਵਾਰਤਾ 'ਚ ਆਏ ਠਹਿਰਾਅ ਵਿਚਾਲੇ ਅੱਤਵਾਦੀ ਸੰਗਠਨ ਤਾਲਿਬਾਨ ਅਤੇ ਅਫਗਾਨਿਸਤਾਨ ਦੇ ਨੇਤਾ ਰੂਸ ਦੀ ਰਾਜਧਾਨੀ ਮਾਸਕੋ 'ਚ ਮੀਟਿੰਗ ਕਰਨ ਜਾ ਰਹੇ ਹਨ। ਬੁੱਧਵਾਰ ਤੋਂ ਸ਼ੁਰੂ ਹੋ ਰਹੀ ਇਸ ਦੋ ਦਿਨਾਂ ਮੀਟਿੰਗ ਦੌਰਾਨ ਅਫਗਾਨਿਸਤਾਨ 'ਚ 18 ਸਾਲ ਤੋਂ ਜਾਰੀ ਸੰਘਰਸ਼ ਨੂੰ ਖਤਮ ਕਰਨ 'ਤੇ ਚਰਚਾ ਹੋਵੇਗੀ। ਤਾਲਿਬਾਨ ਨੇ ਮੰਗਲਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਅਤੇ ਰੂਸ ਦੇ ਰਾਜਨੀਤਕ ਸਬੰਧਾਂ ਦੀ 100ਵੀਂ ਵਰ੍ਹੇਗੰਢ ਮੌਕੇ ਮਾਸਕੋ 'ਚ ਹੋਣ ਵਾਲੇ ਸੰਮੇਲਨ ਵਿਚ ਸੰਗਠਨ ਦਾ ਇਕ ਦਸਤਾ ਵੀ ਹਿੱਸਾ ਲਵੇਗਾ। ਇਸ ਸੰਮੇਲਨ 'ਚ ਸ਼ਿਰਕਤ ਤੋਂ ਬਾਅਦ ਤਾਲਿਬਾਨ ਦਾ ਵਫਦ ਬੁੱਧਵਾਰ ਨੂੰ ਅਫਗਾਨ ਨੇਤਾਵਾਂ ਤੋਂ ਵੱਖਰੀ ਤੌਰ 'ਤੇ ਮੁਲਾਕਾਤ ਕਰੇਗਾ।

ਮੁੱਲਾ ਅਬਦੁੱਲ ਗਨੀ ਬਰਾਦਰ ਦੀ ਅਗਵਾਈ ਵਿਚ ਤਾਲਿਬਾਨ ਦਾ 14 ਮੈਂਬਰੀ ਵਫਦ ਮਾਸਕੋ ਗਿਆ ਹੈ। ਪਾਕਿਸਤਾਨ ਦੀ ਕੈਦ ਤੋਂ ਰਿਹਾਅ ਹੋਣ ਮਗਰੋਂ ਬਰਾਦਰ ਦਾ ਇਹ ਪਹਿਲਾ ਵਿਦੇਸ਼ ਦੌਰਾ ਹੈ। ਇਸ ਮੀਟਿੰਗ ਵਿਚ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਉੱਚ ਪੱਧਰੀ ਸ਼ਾਂਤੀ ਕੌਂਸਲ ਦੇ ਪ੍ਰਧਾਨ ਮੁਹੰਮਦ ਕਰੀਮ ਖਲੀਲੀ ਵੀ ਹਿੱਸਾ ਲੈ ਸਕਦੇ ਹਨ। ਅਫਗਾਨਿਸਤਾਨ ਦੇ ਰਾਸ਼ਟਰਪਤੀ ਭਵਨ ਦੇ ਇਕ ਬੁਲਾਰੇ ਨੇ ਵੀ ਕਿਹਾ ਕਿ ਮਾਸਕੋ ਵਿਚ ਤਾਇਨਾਤ ਅਫਗਾਨ ਰਾਜਦੂਤ ਦੋਹਾਂ ਦੇਸ਼ਾਂ ਦੇ ਸਬੰਧਾਂ ਦੀ 100ਵੀਂ ਵਰ੍ਹੇਗੰਢ ਦੇ ਸਮਾਰੋਹ ਵਿਚ ਹਿੱਸਾ ਲੈਣਗੇ। ਪਰ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਸ ਸਮਾਰੋਹ ਤੋਂ ਬਾਅਦ ਤਾਲਿਬਾਨ ਵਫਦ ਨਾਲ ਹੋਣ ਵਾਲੀ ਵਾਰਤਾ ਵਿਚ ਉਹ ਸ਼ਾਮਲ ਹੋਣਗੇ ਜਾਂ ਨਹੀਂ।

ਅਮਰੀਕਾ ਅਤੇ ਤਾਲਿਬਾਨ ਵਿਚਾਲੇ ਪਿਛਲੇ ਸਾਲ ਦਸੰਬਰ ਤੋਂ ਸ਼ਾਂਤੀ ਵਾਰਤਾ ਚੱਲ ਰਹੀ ਹੈ। ਦੋਹਾਂ ਧਿਰਾਂ ਵਿਚਾਲੇ ਹੁਣ ਤੱਕ 6 ਦੌਰ ਦੀ ਵਾਰਤਾ ਹੋ ਚੁੱਕੀ ਹੈ। ਅਮਰੀਕਾ ਅਤੇ ਤਾਲਿਬਾਨ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਕਤਰ ਵਿਚ 6ਵੇਂ ਦੌਰ ਦੀ ਵਾਰਤਾ ਹੋਈ ਸੀ, ਪਰ ਅਜੇ ਤੱਕ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ ਹੈ। ਤਾਲਿਬਾਨ ਦੇ ਵਿਰੋਧ ਦੇ ਚੱਲਦੇ ਹੀ ਅਮਰੀਕਾ ਨਾਲ ਵਾਰਤਾ ਵਿਚ ਅਫਗਾਨ ਸਰਕਾਰ ਨੂੰ ਸ਼ਾਮਲ ਨਹੀਂ ਕੀਤਾ ਗਿਆ। ਤਾਲਿਬਾਨ-ਅਫਗਾਨ ਸਰਕਾਰ ਨੂੰ ਕਠਪੁਤਲੀ ਸਰਕਾਰ ਕਹਿੰਦਾ ਹੈ।


author

Sunny Mehra

Content Editor

Related News