ਤਾਲਿਬਾਨ ਦੀ ਦੋ ਟੁੱਕ- ਸਾਨੂੰ ਭਾਰਤ ਨਾਲ ਆਪਣੇ ਝਗੜਿਆਂ ’ਚ ਨਾ ਘਸੀਟੇ ਪਾਕਿਸਤਾਨ

Tuesday, Aug 31, 2021 - 11:18 AM (IST)

ਦੋਹਾ/ਕਾਬੁਲ- ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ ਚਲ ਰਹੇ ਤਾਲਿਬਾਨ ਨੇਤਾ ਸ਼ੇਰ ਮੁਹੰਮਦ ਅੱਬਾਸ ਸਟਾਨੀਕਜਈ ਨੇ ਪਾਕਿਸਤਾਨ ਨੂੰ ਦੋ ਟੁੱਕ ਕਿਹਾ ਕਿ ਉਹ ਸਾਨੂੰ ਭਾਰਤ ਨਾਲ ਆਪਣੇ ਝਗੜਿਆਂ ਵਿਚ ਨਾ ਘਸੀਟੇ। ਤਾਲਿਬਾਨ ਭਾਰਤ ਅਤੇ ਪਾਕਿਸਤਾਨ ਵਿਚੋਂ ਕਿਸੇ ਦਾ ਪੱਖ ਨਹੀਂ ਲਵੇਗਾ। ਤਾਲਿਬਾਨ ਭਾਰਤ ਨਾਲ ਚੰਗੇ ਰਿਸ਼ਤੇ ਬਣਾਉਣਾ ਚਾਹੁੰਦਾ ਹੈ। ਸ਼ੇਰ ਮੁਹੰਮਦ ਨੇ ਸੀ.ਐੱਨ.ਐੱਨ. ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਕਿ ਇਹ ਸੋਚਣਾ ਗਲਤ ਹੈ ਕਿ ਤਾਲਿਬਾਨ ਭਾਰਤ ਦੇ ਵਿਰੁੱਧ ਪਾਕਿਸਤਾਨ ਦੇ ਨਾਲ ਕੰਮ ਕਰ ਸਕਦਾ ਹੈ। ਸਾਡੇ ਪੱਖ ਤੋਂ ਅਜਿਹਾ ਕੋਈ ਬਿਆਨ ਜਾਂ ਸੰਕੇਤ ਨਹੀਂ ਹੈ। ਅਸੀਂ ਆਪਣੇ ਸਾਰੇ ਗੁਆਂਢੀਆਂ ਨਾਲ ਚੰਗੇ ਸੰਬੰਧ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਤਾਲਿਬਾਨ ਲਸ਼ਕਰ ਜਾਂ ਜੈਸ਼ ਅੱਤਵਾਦੀਆਂ ਨੂੰ ਅਫ਼ਗਾਨ ਜ਼ਮੀਨ ਦੀ ਵਰਤੋਂ ਭਾਰਤ ਦੇ ਖਿਲਾਫ਼ ਨਹੀਂ ਕਰਨ ਦੇਵੇਗਾ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ 'ਚੋਂ ਅਮਰੀਕੀ ਮੁਹਿੰਮ ਖ਼ਤਮ, ਤਾਲਿਬਾਨ ਨੇ ਆਜ਼ਾਦੀ ਦਾ ਐਲਾਨ ਕਰ ਮਨਾਇਆ ਜਿੱਤ ਦਾ ਜਸ਼ਨ

ਉਨ੍ਹਾਂ ਨੇ ਕਿਹਾ ਕਿ ਸਾਡੀ ਵਿਦੇਸ਼ ਨੀਤੀ ਸਾਰੇ ਗੁਆਂਢੀ ਦੇਸ਼ਾਂ ਅਤੇ ਦੁਨੀਆ ਨਾਲ ਚੰਗੇ ਰਿਸ਼ਤੇ ਬਣਾਉਣ ਦੀ ਹੈ। ਅਸੀਂ ਅਮਰੀਕਾ ਅਤੇ ਨਾਟੋ ਨਾਲ ਵੀ ਵਧੀਆ ਸਬੰਧ ਬਣਾਉਣਾ ਚਾਹੁੰਦੇ ਹਾਂ। ਸਾਨੂੰ ਭਾਰਤ ਨਾਲ ਸੱਭਿਆਚਾਰਕ ਅਤੇ ਆਰਥਿਕ ਰਿਸ਼ਤੇ ਬਰਕਰਾਰ ਰੱਖਣੇ ਚਾਹੀਦੇ ਹਨ। ਸ਼ੇਰ ਮੁਹੰਮਦ ਨੇ ਦਾਅਵਾ ਕੀਤਾ ਕਿ ਸਾਡੇ ਪੂਰੇ ਇਤਿਹਾਸ ਵਿਚ ਅਫ਼ਗਾਨਿਸਤਾਨ ਨਾਲ ਭਾਰਤ ਸਮੇਤ ਗੁਆਂਢੀ ਦੇਸ਼ਾਂ ਨੂੰ ਕੋਈ ਖ਼ਤਰਾ ਨਹੀਂ ਰਿਹਾ ਹੈ।

ਇਹ ਵੀ ਪੜ੍ਹੋ: ਕੀ ਭਾਰਤ ਦੇ ਮੋਡੇ ’ਤੇ ਬੰਦੂਕ ਰੱਖ ਕੇ ਦੁਨੀਆ ’ਚ ਅਕਸ ਸੁਧਾਰਨਾ ਚਾਹੁੰਦੈ ਤਾਲਿਬਾਨ?

ਉਥੇ ਹੀ ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਵੀ ਕਈ ਵਾਰ ਇਹ ਗੱਲ ਦੋਹਰਾ ਚੁੱਕੇ ਹਨ ਕਿ ਤਾਲਿਬਾਨ, ਅਫ਼ਗਾਨਿਸਤਾਨ ਦੀ ਜ਼ਮੀਨ ਨੂੰ ਕਿਸੇ ਵੀ ਦੂਸਰੇ ਦੇਸ਼ ਖਿਲਾਫ਼ ਇਸਤੇਮਾਲ ਨਹੀਂ ਕਰਨ ਦੇਵੇਗਾ। ਮੁਜਾਹਿਦ ਨੇ ਕਿਹਾ ਕਿ ਸਾਡਾ ਸਿਧਾਂਤ ਇਹ ਹੈ ਕਿ ਅਸੀਂ ਕਿਸੇ ਹੋਰ ਦੇਸ਼ ਵਿਚ ਸ਼ਾਂਤੀ ਨੂੰ ਨਸ਼ਟ ਕਰਨ ਲਈ ਆਪਣੀ ਧਰਤੀ ਦੀ ਵਰਤੋਂ ਕਿਸੇ ਨੂੰ ਨਹੀਂ ਕਰਨ ਦੇਵਾਂਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News