ਤਾਲਿਬਾਨ ਦਾ ਨਵਾਂ ਫ਼ਰਮਾਨ, ਪੁਰਸ਼ ਅਧਿਆਪਕਾਂ ’ਤੇ ਕੁੜੀਆਂ ਨੂੰ ਪੜ੍ਹਾਉਣ ’ਤੇ ਲਾਈ ਪਾਬੰਦੀ

Monday, Aug 30, 2021 - 03:48 PM (IST)

ਕਾਬੁਲ : ਅਫ਼ਗਾਨਿਸਤਾਨ ਵਿਚ ਕੁੜੀਆਂ ਨੂੰ ਅਧਿਕਾਰ ਦੇਣ ਦੇ ਆਪਣੇ ਵਾਅਦੇ ਤੋਂ ਪਿੱਛੇ ਹੱਟਦੇ ਹੋਏ ਤਾਲਿਬਾਨ ਨੇ ਪੁਰਸ਼ ਅਧਿਆਪਕਾਂ ’ਤੇ ਕੁੜੀਆਂ ਨੂੰ ਪੜ੍ਹਾਉਣ ’ਤੇ ਪਾਬੰਦੀ ਲਗਾਉਣ ਦੇ ਨਾਲ-ਨਾਲ ਕੁੜੀਆਂ-ਮੁੰਡਿਆਂ ਦੇ ਇਕੱਠੇ ਪੜ੍ਹਨ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਅਫ਼ਗਾਨਿਸਤਾਨ ਵਿਚ ਨਵੀਂ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਤਾਲਿਬਾਨ ਨੇ ਇਕ ਦਿਨ ਪਹਿਲਾਂ ਹੀ ਸ਼ੇਖ ਅਬਦੁਲਬਾਕੀ ਹੱਕਾਨੀ ਨੂੰ ਅਫ਼ਗਾਨਿਸਤਾਨ ਦਾ ਕਾਰਜਵਾਹਕ ਉੱਚ ਸਿੱਖਿਆ ਮੰਤਰੀ ਨਿਯੁਕਤ ਕੀਤਾ ਸੀ। ਮੀਡੀਆ ਰਿਪੋਰਟ ਮੁਤਾਬਕ ਅਫ਼ਗਾਨਿਸਤਾਨ ਦੇ ਹੇਰਾਤ ਸੂਬੇ ਵਿਚ ਤਾਲਿਬਾਨ ਨੇ ਪਹਿਲਾਂ ਹੀ ਕਾਲਜ ਅਤੇ ਯੂਨੀਵਰਸਿਟੀਆਂ ਵਿਚ ਕੁੜੀਆਂ-ਮੁੰਡਿਆਂ ਦੇ ਇਕੱਠੇ ਪੜ੍ਹਨ ’ਤੇ ਪਾਬੰਦੀ ਲੱਗਾ ਦਿੱਤੀ ਸੀ।

ਇਹ ਵੀ ਪੜ੍ਹੋ: ਤਾਲਿਬਾਨ ਦੀ ਚਿਤਾਵਨੀ, 31 ਅਗਸਤ ਤੋਂ ਬਾਅਦ US ਨੂੰ ਅਫ਼ਗਾਨਿਸਤਾਨ ’ਤੇ ਹਮਲੇ ਦਾ ਨਹੀਂ ਹੋਵੇਗਾ ਕੋਈ ਅਧਿਕਾਰ

ਅਫ਼ਗਾਨ ਪੱਤਰਕਾਰ ਬਸ਼ੀਰ ਅਹਿਮਦ ਗਵਾਖ ਨੇ ਟਵਿਟਰ ’ਤੇ ਇਕ ਪੋਸਟ ਵਿਚ ਕਿਹਾ ਕਿ ਤਾਬਿਲਾਨ ਨੇ ਕੁੜੀਆਂ-ਮੁੰਡਿਆਂ ਦੇ ਇਕੱਠੇ ਪੜ੍ਹਨ ’ਤੇ ਪਾਬੰਦੀ ਦੀ ਅਧਿਕਾਰਤ ਘੋਸ਼ਣਾ ਕਰ ਦਿੱਤੀ ਹੈ। ਉੱਚ ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਪੁਰਸ਼ ਅਧਿਆਪਕਾਂ ਨੂੰ ਕੁੜੀਆਂ ਨੂੰ ਪੜ੍ਹਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਗਵਾਖ ਨੇ ਕਿਹਾ ਕਿ ਇਸ ਨਾਲ ਕੁੜੀਆਂ ਉੱਚ ਸਿੱਖਿਆ ਤੋਂ ਵਾਂਝੀਆਂ ਰਹਿ ਜਾਣਗੀਆਂ, ਕਿਉਂਕਿ ਯਨੀਵਰਸਿਟੀਆਂ ਕੋਲ ਵੀ ਉਚਿਤ ਸਾਧਨ ਨਹੀਂ ਹਨ। ਗਵਾਖ ਮੁਤਾਬਕ ਤਾਲਿਬਾਨ ਦੇ ਉੱਚ ਸਿੱਖਿਆ ਮੰਤਰੀ ਬਾਕੀ ਹੱਕਾਨੀ ਨੇ ਲੋਯਾ ਜਿਰਗਾ ਟੈਂਟ ਵਿਚ ਇਕ ਭਾਸ਼ਣ ਦੌਰਾਨ ਕਿਹਾ ਸੀ ਕਿ ਦੇਸ਼ ਵਿਚ ਸਾਰੀਆਂ ਵਿੱਦਿਅਕ ਗਤੀਵਿਧੀਆਂ ਸ਼ਰੀਆ ਕਾਨੂੰਨ ਮੁਤਾਬਕ ਕੀਤੀ ਜਾਣਗੀਆਂ। ਕਈ ਲੋਕਾਂ ਨੇ ਤਾਲਿਬਾਨ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ, ਕਿਉਂਕਿ ਯੂਨੀਵਰਸਿਟੀਆਂ ਦੀ ਹਾਲਤ ਅਜਿਹੀ ਨਹੀਂ ਹੈ ਕਿ ਉਹ ਮੁੰਡੇ ਅਤੇ ਕੁੜੀਆਂ ਲਈ ਵੱਖ-ਵੱਖ ਕਲਾਸਾਂ ਦੀ ਵਿਵਸਥਾ ਕਰ ਸਕਣ।

ਇਹ ਵੀ ਪੜ੍ਹੋ: ਦੁਬਈ ਨੇ ਇਨ੍ਹਾਂ ਸ਼ਰਤਾਂ ਨਾਲ ਭਾਰਤੀਆਂ ਨੂੰ ਟੂਰਿਸਟ ਵੀਜ਼ਾ ਦੇਣਾ ਕੀਤਾ ਸ਼ੁਰੂ

ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਕਾਬੁਲ ’ਤੇ ਕਬਜ਼ਾ ਕਰਨ ਦੇ ਬਾਅਦ ਆਪਣੇ ਪ੍ਰੈੱਸ ਬਿਆਨ ਵਿਚ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਨੇ ਕਿਹਾ ਸੀ ਕਿ ਤਾਲਿਬਾਨ ਔਰਤਾਂ ਨੂੰ ਇਸਲਾਮ ਦੇ ਆਧਾਰ ’ਤੇ ਉਨ੍ਹਾਂ ਦੇ ਅਧਿਕਾਰ ਪ੍ਰਦਾਨ ਕਰਨ ਲਈ ਵਚਨਬੱਧ ਹੈ। ਔਰਤਾਂ ਸਿਹਤ ਖੇਤਰ ਅਤੇ ਹੋਰ ਸੈਕਟਰਾਂ ਵਿਚ ਕੰਮ ਕਰ ਸਕਦੀਆਂ ਹਨ, ਜਿੱਥੇ ਉਨ੍ਹਾਂ ਦੀ ਜ਼ਰੂਰਤ ਹੈ। ਔਰਤਾਂ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News