ਤਾਲਿਬਾਨ ਨੇ ਜਾਰੀ ਕੀਤਾ ਪਹਿਲਾ ਫਤਵਾ : ਹੇਰਾਤ ’ਚ ਮੁੰਡੇ-ਕੁੜੀਆਂ ਦੇ ਇਕੱਠੇ ਪੜ੍ਹਨ ’ਤੇ ਲਾਈ ਰੋਕ
Wednesday, Aug 25, 2021 - 01:48 PM (IST)
ਇੰਟਰਨੈਸ਼ਨਲ ਡੈਸਕ: ਅਫਗਾਨਿਸਤਾਨ ਵਿੱਚ ਜਨਾਨੀਆਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦਾ ਵਿਸ਼ਵਾਸ ਦੇਣ ਮਗਰੋਂ ਕੁਝ ਦਿਨਾਂ ਬਾਅਦ ਤਾਲਿਬਾਨ ਦੇ ਅਧਿਕਾਰੀਆਂ ਨੇ ਅਸ਼ਾਂਤ ਹੇਰਾਤ ਪ੍ਰਾਂਤ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਮੁੰਡੇ ਅਤੇ ਕੁੜੀਆਂ ਨਾਲ ਇਕੱਠੇ ਪੜ੍ਹਨ 'ਤੇ ਪਾਬੰਦੀ ਲਗਾ ਦਿੱਤੀ। ਇਸ ਨੂੰ ਉਨ੍ਹਾਂ ਨੇ ਸਮਾਜ ਦੀਆਂ ਸਾਰੀਆਂ ਬੁਰਾਈਆਂ ਦੀ ਜੜ੍ਹ ਦੱਸਿਆ ਹੈ। ਖਾਮਾ ਪ੍ਰੈਸ ਸਮਾਚਾਰ ਏਜੰਸੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ, ਪ੍ਰਾਈਵੇਟ ਸੰਸਥਾਵਾਂ ਦੇ ਮਾਲਕਾਂ ਅਤੇ ਤਾਲਿਬਾਨ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।
ਅਫਗਾਨਿਸਤਾਨ ਵਿੱਚ ਪਿਛਲੇ ਹਫ਼ਤੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਤਾਲਿਬਾਨ ਦਾ ਇਹ ਪਹਿਲਾ ਫਤਵਾ ਹੈ। ਤਾਲਿਬਾਨ ਦਾ ਬੁਲਾਰਾ ਜ਼ਬੀਹੁੱਲਾਹ ਮੁਜਾਹਿਦ ਮੰਗਲਵਾਰ ਨੂੰ ਪਹਿਲੀ ਵਾਰ ਜਨਤਕ ਤੌਰ 'ਤੇ ਸਾਹਮਣੇ ਆਇਆ। ਉਨ੍ਹਾਂ ਨੇ ਵਾਅਦਾ ਕੀਤਾ ਕਿ ਤਾਲਿਬਾਨ ਇਸਲਾਮਿਕ ਕਾਨੂੰਨ ਦੇ ਤਹਿਤ ਜਨਾਨੀਆਂ ਦੇ ਅਧਿਕਾਰਾਂ ਦਾ ਸਨਮਾਨ ਕਰੇਗਾ। ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਅਤੇ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਦੇ ਮਾਲਕਾਂ ਨਾਲ ਤਿੰਨ ਘੰਟੇ ਚੱਲੀ ਮੀਟਿੰਗ ਵਿੱਚ, ਤਾਲਿਬਾਨ ਪ੍ਰਤੀਨਿਧੀ ਅਤੇ ਅਫਗਾਨਿਸਤਾਨ ਦੇ ਉੱਚ ਸਿੱਖਿਆ ਮੁਖੀ, ਮੁੱਲਾ ਫਰੀਦ ਨੇ ਕਿਹਾ ਕਿ ਇਸ ਦਾ ਕੋਈ ਬਦਲ ਨਹੀਂ ਹੈ ਅਤੇ ਮੁੰਡੇ-ਕੁੜੀਆਂ ਵਲੋਂ ਇਕੱਠੇ ਪੜ੍ਹਾਈ ਕੀਤੀ ਜਾਣ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾ ਅਧਿਆਪਕਾਂ ਨੂੰ ਸਿਰਫ਼ ਮਹਿਲਾ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਇਜਾਜ਼ਤ ਹੋਵੇਗੀ ਨਾ ਕਿ ਪੁਰਸ਼ ਵਿਦਿਆਰਥੀਆਂ ਨੂੰ।
ਫ਼ਰੀਦ ਨੇ ਸਹਿ-ਸਿੱਖਿਆ ਨੂੰ 'ਸਮਾਜ ਵਿੱਚ ਸਾਰੀਆਂ ਬੁਰਾਈਆਂ ਦੀ ਜੜ੍ਹ' ਦੱਸਿਆ। ਵਿਦਵਾਨਾਂ ਨੇ ਕਿਹਾ ਕਿ ਇਸ ਫ਼ੈਸਲੇ ਦਾ ਸਰਕਾਰੀ ਯੂਨੀਵਰਸਿਟੀਆਂ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ ਪਰ ਪ੍ਰਾਈਵੇਟ ਸੰਸਥਾਵਾਂ ਨੂੰ ਸੰਘਰਸ਼ ਕਰਨਾ ਪਏਗਾ, ਜੋ ਪਹਿਲਾਂ ਹੀ ਮਹਿਲਾ ਵਿਦਿਆਰਥੀਆਂ ਦੀ ਘਾਟ ਨਾਲ ਜੂਝ ਰਹੀਆਂ ਹਨ। ਅਧਿਕਾਰਤ ਅਨੁਮਾਨਾਂ ਅਨੁਸਾਰ, ਹੇਰਾਤ ਦੇ ਨਿੱਜੀ ਅਤੇ ਸਰਕਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ 40,000 ਵਿਦਿਆਰਥੀ ਅਤੇ 2,000 ਲੈਕਚਰਾਰ ਹਨ।