ਸਰੀ ਦੇ 6 ਸਰਕਾਰੀ ਸਕੂਲਾਂ ਵਲੋਂ ਪੰਜਾਬੀ ਭਾਸ਼ਾ ਪੜ੍ਹਾਉਣ ਨੂੰ ਤਰਜੀਹ

Tuesday, Aug 11, 2020 - 06:14 PM (IST)

ਕੈਨੇਡਾ- ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਜਿੱਥੇ ਆਪਣੀ ਮਿਹਨਤ ਨਾਲ ਉੱਚੇ ਮੁਕਾਮ ਹਾਸਲ ਕੀਤੇ ਹਨ ਉਥੇ ਆਪਣੀ ਮਾਂ ਬੋਲੀ ਨੂੰ ਵੀ ਬਣਦਾ ਮਾਣ ਸਤਿਕਾਰ ਦਿੱਤਾ ਹੈ। ਕੈਨੇਡਾ ਵਿਚ ਪਹਿਲੇ ਪੰਜਾਬੀ ਵਿਧਾਇਕ ਵਜੋਂ ਮਨਮੋਹਣ ਸਿੰਘ ਮੋਅ ਸਹੋਤਾ ਨੇ ਆਪਣੀ ਮਿਹਨਤ ਨਾਲ ਪੰਜਾਬੀ ਭਾਸ਼ਾ ਲਈ ਯਤਨ ਆਰੰਭ ਦਿੱਤੇ ਸਨ। ਉਹਨਾਂ ਦੇ ਅਣਥੱਕ ਯਤਨਾਂ ਸਦਕਾ ਸੰਨ 1996 ਵਿਚ ਬਿ੍ਟਿਸ਼ ਕੋਲੰਬੀਆ ਸੂਬੇ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ। ਪਰ ਸਮੱਸਿਆ ਇਹ ਸੀ ਕਿ  ਜਮਾਤ ਵਿੱਚ ਪੰਜਾਬੀ ਪੜ੍ਹਨ ਵਾਲੇ 25 ਸਿਖਿਆਰਥੀ ਨਹੀਂ ਹੁੰਦੇ ਸਨ ਤੇ ਬਹੁਤੇ ਸਿਖਿਆਰਥੀ ਪੰਜਾਬੀ ਪੜ੍ਹਨੋ ਰਹਿ ਜਾਂਦੇ ਸਨ।ਹੁਣ ਫਿਰ ਸਰੀ ਦੇ 6 ਸਰਕਾਰੀ ਐਲਮੈਂਟਰੀ ਸਕੂਲਾਂ ਨੇ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਪੜ੍ਹਾਉਣ ਦੀ ਪੇਸ਼ਕਸ਼ ਕੀਤੀ ਹੈ। ਬੀਤੇ 25 ਸਾਲਾਂ ਤੋਂ ਬਿ੍ਟਿਸ਼ ਕੋਲੰਬੀਆ 'ਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਾਸਾਰ ਵਾਸਤੇ ਅਹਿਮ ਯੋਗਦਾਨ ਪਾ ਰਹੀ ਸੰਸਥਾ ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਕਿ ਸਰੀ ਦੇ ਬੀਵਰ ਕਰੀਕ, ਸਟਰਾਅਬੇਰੀ ਹਿੱਲ, ਗਰੀਨ ਟਿੰਬਰਜ਼, ਚਿਮਨੀ ਹਿੱਲ, ਟੀ.ਈ. ਸਕੌਟ ਤੇ ਨਿਊਟਨ ਐਲਮੈਂਟਰੀ ਸਕੂਲ ਦੇ ਪ੍ਰਬੰਧਕਾਂ ਵਲੋਂ ਸਿਖਿਆਰਥੀਆਂ ਨੂੰ ਪੰਜਾਬੀ ਪੜ੍ਹਨ ਲਈ ਘਰਾਂ ਵਿਚ ਫਾਰਮ ਭੇਜੇ ਗਏ ਹਨ। ਜ਼ਿਕਰਯੋਗ ਹੈ ਕਿ ਇਹ ਫਾਰਮ ਸਤੰਬਰ ਵਿਚ ਸ਼ੁਰੂ ਹੋ ਰਹੇ ਸੈਸ਼ਨ ਲਈ ਪੰਜਵੀਂ ਦੇ ਸਿਖਿਆਰਥੀਆਂ ਲਈ ਹਨ। ਉਨ੍ਹਾਂ ਦੱਸਿਆ ਕਿ ਸਰੀ ਦੇ 6 ਸਰਕਾਰੀ ਸਕੂਲਾਂ ਵਿਚ ਪਹਿਲਾਂ ਹੀ ਪੰਜਾਬੀ ਦੀ ਪੜ੍ਹਾਈ ਚੱਲ ਰਹੀ ਹੈ ਤੇ 6 ਨੇ ਹੁਣ ਪੇਸ਼ਕਸ਼ ਕੀਤੀ ਹੈ। ਸਰੀ ਸੂਬੇ ਦਾ ਸਭ ਤੋਂ ਵੱਡਾ ਸਕੂਲ ਜ਼ਿਲ੍ਹਾ ਹੈ, ਜਿੱਥੇ ਕੁੱਲ 74 ਹਜ਼ਾਰ ਸਿਖਿਆਰਥੀਆਂ 'ਚੋਂ 17 ਹਜ਼ਾਰ ਪੰਜਾਬੀ ਮੂਲ ਦੇ ਸਿਖਿਆਰਥੀ ਪੜ੍ਹਦੇ ਹਨ। 5ਵੀਂ ਤੋਂ 8ਵੀਂ ਜਮਾਤ ਦੇ ਸਿਖਿਆਰਥੀਆਂ ਲਈ ਦੂਜੀ ਭਾਸ਼ਾ ਪੜ੍ਹਨੀ ਜ਼ਰੂਰੀ ਹੈ ਤੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਸਿਖਿਆਰਥੀਆਂ ਨੂੰ ਉਨ੍ਹਾਂ ਦੀ ਨਿੱਜੀ ਚੋਣ 'ਤੇ ਛੱਡ ਦਿੱਤਾ ਜਾਂਦਾ ਹੈ ।ਫ਼ਿਰ ਇਹ ਸਿਖਿਆਰਥੀ ਫ਼ਰੈਂਚ ਪੜ੍ਹਨ ਲੱਗ ਜਾਂਦੇ ਹਨ।


Harnek Seechewal

Content Editor

Related News