ਕੇਨਿਥ ਜਸਟਰ ਨੂੰ ਭਾਰਤ ਵਿਚ ਅਮਰੀਕਾ ਦਾ ਰਾਜਦੂਤ ਨਾਮਜਦ ਕਰ ਸਕਦੇ ਹਨ ਟਰੰਪ

09/02/2017 10:42:20 AM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਪ੍ਰਮੁੱਖ ਆਰਥਿਕ ਸਹਿਯੋਗੀ ਅਤੇ ਭਾਰਤੀ ਮਾਮਲਿਆਂ ਵਿਚ ਮਾਹਰ ਕੇਨਿਥ ਜਸਟਰ ਨੂੰ ਭਾਰਤ ਵਿਚ ਅਮਰੀਕਾ ਦਾ ਰਾਜਦੂਤ ਨਾਮਜਦ ਕਰਨ ਦੀ ਇੱਛਾ ਜਾਹਰ ਕੀਤੀ ਹੈ। ਵਾਈਟ ਹਾਊਸ ਨੇ ਜੂਨ ਵਿਚ ਕਿਹਾ ਸੀ ਕਿ ਜਸਟਰ (62) ਭਾਰਤ ਵਿਚ ਅਮਰੀਕਾ ਦੇ ਨਵੇਂ ਰਾਜਦੂਤ ਹੋਣਗੇ। ਜਸਟਰ ਅੰਤਰ ਰਾਸ਼ਟਰੀ ਆਰਥਿਕ ਮਾਮਲਿਆਂ ਵਿਚ ਅਮਰੀਕੀ ਰਾਸ਼ਟਰਪਤੀ ਦੇ ਉਪ-ਸਹਾਇਕ ਅਤੇ ਰਾਸ਼ਟਰੀ ਆਰਥਿਕ ਪਰੀਸ਼ਦ ਦੇ ਉਪ-ਨਿਦੇਸ਼ਕ ਹਨ। 
ਜੇ ਉਨ੍ਹਾਂ ਨੂੰ ਨਾਮਜਦ ਕਰ ਕੇ ਸੈਨੇਟ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਉਹ ਰਿਚਰਡ ਵਰਮਾ ਦੀ ਜਗ੍ਹਾ ਲੈਣਗੇ। ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੇ ਰੂਪ ਵਿਚ ਟਰੰਪ ਦੇ ਸੰਹੂ ਚੁੱਕਣ ਮਗਰੋਂ 20 ਜਨਵਰੀ ਤੋਂ ਇਹ ਅਹੁਦਾ ਖਾਲੀ ਪਿਆ ਹੋਇਆ ਹੈ। ਜਸਟਰ ਨੇ ਇਸ ਤੋਂ ਪਹਿਲਾਂ ਵਣਜ ਅਧੀਨ ਸਕੱਤਰ ਦੇ ਤੌਰ 'ਤੇ ਸਾਲ 2001-2005 ਦੇ ਵਿਚ ਆਪਣੀ ਸੇਵਾ ਦਿੱਤੀ ਸੀ। ਉਹ ਸਾਲ 1992-1993 ਦੇ ਵਿਚ ਵਿਦੇਸ਼ ਮੰਤਰਾਲੇ ਵਿਚ ਕਾਰਜਕਾਰੀ ਵਣਜ ਦੂਤ ਰਹੇ ਹਨ। ਉਨ੍ਹਾਂ ਕੋਲ ਹਾਰਵਡ ਲਾਅ ਸਕੂਲ ਦੀ ਕਾਨੂੰਨ ਦੀ ਡਿਗਰੀ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਹਾਰਵਡ ਦੇ ਜਾਨ ਐੱਫ ਕੈਨੇਡੀ ਸਕੂਲ ਆਫ ਗਵਰਮੈਂਟ ਤੋਂ ਪਬਲਿਕ ਪਾਲਿਸੀ ਵਿਚ ਮਾਸਟਰੀ ਕੀਤੀ ਹੈ। ਹਾਰਵਡ ਕਾਲਜ ਦੀ ਬੈਚਲਰ ਡਿਗਰੀ ਇਨ ਗਵਰਮੈਂਟ ਵੀ ਉਨ੍ਹਾਂ ਕੋਲ ਹੈ।


Related News