ਸੁਖਦੇਵ ਸਿੰਘ ਵਕੀਲਾਂਵਾਲਾ ਦੇ ਅਕਾਲ ਚਲਾਣੇ ਕਾਰਨ ਸਿੱਧੂ ਪਰਿਵਾਰ ਸਦਮੇ ''ਚ
Thursday, Nov 24, 2022 - 01:24 AM (IST)

ਐਬਸਫੋਰਡ/ਕੈਨੇਡਾ (ਗੁਰਿੰਦਰਜੀਤ ਨੀਟਾ ਮਾਛੀਕੇ) : ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝਦਿਆਂ ਲੰਘੇ ਐਤਵਾਰ ਉੱਘੇ ਸਮਾਜਸੇਵੀ ਸੁਖਦੇਵ ਸਿੰਘ ਸਿੱਧੂ ਐਬਸਫੋਰਡ ਕੈਨੇਡਾ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਸਵ. ਸੁਖਦੇਵ ਸਿੰਘ ਸਿੱਧੂ ਦਾ ਪਿਛਲਾ ਪਿੰਡ ਵਕੀਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਜ਼ੀਰਾ 'ਚ ਪੈਦਾ ਹੈ। ਸੁਖਦੇਵ ਸਿੰਘ ਨੇ ਪੰਜਾਬ ਵਿੱਚ ਲੰਮਾ ਸਮਾਂ ਮਿਊਂਸੀਪਲ ਕਮੇਟੀ ਜ਼ੀਰਾ 'ਚ ਅਹਿਮ ਸੇਵਾਵਾਂ ਨਿਭਾਈਆ। ਉਨ੍ਹਾਂ ਨੇ ਪੰਜਾਬ ਵਿੱਚ ਵਿਚਰਦਿਆਂ ਨੌਕਰੀ ਦੇ ਨਾਲ-ਨਾਲ ਸਮਾਜ ਸੇਵੀ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਸਵ. ਸਿੱਧੂ ਸਿਆਸੀ ਅਤੇ ਸਾਹਿਤਕ ਹਲਕਿਆਂ ਵਿੱਚ ਬੜਾ ਜਾਣਿਆ-ਪਛਾਣਿਆ ਨਾਂ ਹੈ। ਪਿਛਲੇ ਲੰਮੇ ਸਮੇਂ ਤੋਂ ਉਹ ਕੈਨੇਡਾ ਵਿਖੇ ਰਹਿ ਕੇ ਬਿਸਟਵੇਅ ਫੌਰੇਨ ਮਨੀ ਐਕਸਚੇਂਜ ਨਾਮੀ ਬਿਜ਼ਨੈੱਸ ਨੂੰ ਸਫਲਤਾਪੂਰਵਕ ਬੁਲੰਦੀਆਂ 'ਤੇ ਲੈ ਕੇ ਗਏ। ਇਸ ਦੇ ਨਾਲ-ਨਾਲ ਪੰਜਾਬ 'ਚ ਮਨੁੱਖਤਾ ਦੇ ਭਲੇ ਲਈ ਜ਼ੀਰਾ ਇਲਾਕੇ 'ਚ ਸਵ. ਸਿੱਧੂ ਨੇ ਅੱਖਾਂ ਦਾ ਹਸਪਤਾਲ ਬਣਵਾਇਆ। ਇਸ ਦੇ ਨਾਲ-ਨਾਲ ਲੋਕਾਂ ਨੂੰ ਸਸਤੀਆਂ ਚੀਜ਼ਾਂ ਮੁਹੱਈਆ ਕਰਵਾਉਣ ਲਈ ਬਾਬਾ ਸੇਵਕ ਸਿੰਘ ਦੇ ਸਹਿਯੋਗ ਨਾਲ 'ਗੁਰੂ ਨਾਨਕ ਹੱਟ' ਨਾਮੀ ਸਟੋਰ ਵੀ ਇਲਾਕੇ ਵਿੱਚ ਬਣਵਾਇਆ।
ਇਹ ਵੀ ਪੜ੍ਹੋ : ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸੁੱਟਿਆ ਦੁੱਧ, ਮੁਲਜ਼ਮ ਗ੍ਰਿਫ਼ਤਾਰ
ਉਨ੍ਹਾਂ ਲੜਕੀਆਂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਮਹੀਆਂਵਾਲਾ ਪਿੰਡ ਵਿੱਚ ਭਗਤ ਬਾਬਾ ਦੁਨੀ ਚੰਦ ਦੇ ਨਾਂ 'ਤੇ ਗਰਲਜ਼ ਕਾਲਜ ਬਣਵਾਇਆ, ਜਿੱਥੇ ਅੱਜ ਸੈਂਕੜੇ ਬੱਚੀਆਂ ਵਿੱਦਿਆ ਦੇ ਮੰਦਰ 'ਚੋਂ ਗਿਆਨ ਪ੍ਰਾਪਤ ਕਰ ਰਹੀਆਂ ਹਨ। ਉਨ੍ਹਾਂ 2 ਕਿਤਾਬਾਂ ਆਬਸ਼ਾਰ ਅਤੇ ਸ਼ਬਦ ਸੰਸਾਰ ਸੰਪਾਦਿਤ ਕੀਤੀਆ। ਸਵ. ਸੁਖਦੇਵ ਸਿੰਘ ਸਿੱਧੂ ਕਈ ਸਾਲਾਂ ਤੋਂ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਬੜੇ ਦਲੇਰਾਨਾ ਤਰੀਕੇ ਨਾਲ ਇਸ ਨਾਮੁਰਾਦ ਬਿਮਾਰੀ ਦਾ ਟਾਕਰਾ ਕੀਤਾ ਪਰ ਲੰਘੇ ਐਤਵਾਰ ਉਹ ਜ਼ਿੰਦਗੀ ਦੀ ਜੰਗ ਹਾਰ ਗਏ। ਉਨ੍ਹਾਂ ਦਾ ਸੰਸਕਾਰ 27 ਨਵੰਬਰ ਐਤਵਾਰ ਸ਼ਾਮ 2.15 ਤੋਂ 3 ਵਜੇ ਦਰਮਿਆਨ ਫਰੇਜ਼ਰ ਰਿਵਰ ਫਿਊਨਰਲ ਹੋਮ (2061 Riverside rd) ਐਬਸਫੋਰਡ ਕੈਨੇਡਾ ਵਿਖੇ ਹੋਵੇਗਾ, ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ (33094 S Fraiser way) ਐਬਸਫੋਰਡ ਕੈਨੇਡਾ ਵਿਖੇ ਹੋਵੇਗੀ।
ਇਹ ਵੀ ਪੜ੍ਹੋ : ਪੁਲਸ ਹੋਈ ਸਖਤ, ਦੋਸਤਾਂ ਦੇ ਹਥਿਆਰ ਲੈ ਕੇ ਸਨੈਪਚੈਟ ’ਤੇ ਵੀਡੀਓ ਅਪਲੋਡ ਕਰਨ ਵਾਲਾ ਪ੍ਰਾਪਰਟੀ ਡੀਲਰ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।