ਕੈਨੇਡਾ 'ਚ ਸਟੱਡੀ ਪਰਮਿਟ ਵਾਲੇ ਭਾਰਤੀਆਂ ਦੀ ਗਿਣਤੀ 10 ਸਾਲ ਦੇ ਹੇਠਲੇ ਪੱਧਰ 'ਤੇ ! ਅੰਕੜੇ ਕਰਨਗੇ ਹੈਰਾਨ

Monday, Nov 23, 2026 - 02:41 PM (IST)

ਕੈਨੇਡਾ 'ਚ ਸਟੱਡੀ ਪਰਮਿਟ ਵਾਲੇ ਭਾਰਤੀਆਂ ਦੀ ਗਿਣਤੀ 10 ਸਾਲ ਦੇ ਹੇਠਲੇ ਪੱਧਰ 'ਤੇ ! ਅੰਕੜੇ ਕਰਨਗੇ ਹੈਰਾਨ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਸਟੱਡੀ ਪਰਮਿਟਾਂ ਦੀ ਗਿਣਤੀ ਪਿਛਲੇ ਇੱਕ ਦਹਾਕੇ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਣ ਦੀ ਰਾਹ 'ਤੇ ਹੈ। 'ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ' (IRCC) ਦੁਆਰਾ ਜਾਰੀ ਅੰਕੜਿਆਂ ਅਨੁਸਾਰਸਤੰਬਰ ਦੇ ਅੰਤ ਤੱਕ ਕੈਨੇਡਾ ਵਿੱਚ ਕੁੱਲ 2,63,340 ਸਟੱਡੀ ਪਰਮਿਟ ਧਾਰਕਾਂ ਵਿੱਚੋਂ ਭਾਰਤੀਆਂ ਦੀ ਗਿਣਤੀ ਸਿਰਫ਼ 51,900 ਰਹੀ ਹੈ। ਜੇਕਰ ਆਖਰੀ ਤਿਮਾਹੀ ਵਿੱਚ ਵੀ ਇਹੋ ਰੁਝਾਨ ਜਾਰੀ ਰਹਿੰਦਾ ਹੈ, ਤਾਂ ਇਹ 2017 ਤੋਂ ਬਾਅਦ ਸਭ ਤੋਂ ਘੱਟ ਸਾਲਾਨਾ ਅੰਕੜਾ ਹੋਵੇਗਾ। 2016 ਵਿੱਚ ਕੁੱਲ 264,270 ਸਟੱਡੀ ਪਰਮਿਟਾਂ ਵਿੱਚੋਂ 52,620 ਭਾਰਤੀ ਸਨ।

ਟੋਰਾਂਟੋ ਸਥਿਤ ਇਕ ਇਮੀਗ੍ਰੇਸ਼ਨ ਵਕੀਲ ਅਨੁਸਾਰ, ਸਾਲ 2017 ਵਿੱਚ ਭਾਰਤੀ ਵਿਦਿਆਰਥੀਆਂ ਨੂੰ 82,935 ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ, ਜਦਕਿ 2026 ਦੀ ਤੀਜੀ ਤਿਮਾਹੀ ਤੱਕ ਇਹ ਅੰਕੜਾ ਸਿਰਫ਼ 51,900 ਹੀ ਰਿਹਾ ਹੈ। ਇੱਥੋਂ ਤੱਕ ਕਿ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤ ਸਾਲ 2020 ਵਿੱਚ ਵੀ ਭਾਰਤੀਆਂ ਨੂੰ 80,870 ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਕੈਨੇਡਾ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦਾ ਰਿਕਾਰਡ ਵਾਧਾ ਦੇਖਿਆ ਗਿਆ ਸੀ, ਜਦੋਂ 6,80,620 ਸਟੱਡੀ ਪਰਮਿਟਾਂ ਵਿੱਚੋਂ 2,77,135 ਭਾਰਤੀਆਂ ਕੋਲ ਸਨ। ਪਰ ਸਾਲ 2024 ਵਿੱਚ ਇਹ ਅੰਕੜਾ ਘਟ ਕੇ 1,88,110 ਅਤੇ ਸਾਲ 2025 ਵਿੱਚ ਹੋਰ ਘਟ ਕੇ 93,660 ਰਹਿ ਗਿਆ।

ਪੜ੍ਹੋ ਇਹ ਅਹਿਮ ਖ਼ਬਰ-  ਐਲ ਨੀਨੋ ਕਾਰਨ ਕੁਦਰਤੀ ਆਫ਼ਤ ਦਾ ਖਦਸ਼ਾ ! ਹਿੰਦੂ ਕੁਸ਼ ਹਿਮਾਲਿਆ ਖੇਤਰ 'ਚ ਚੇਤਾਵਨੀ ਜਾਰੀ


ਇਮੀਗ੍ਰੇਸ਼ਨ ਵਕੀਲ ਅਨੁਸਾਰ ਵੀਜ਼ਾ ਅਰਜ਼ੀਆਂ ਦਾ ਵੱਡੀ ਗਿਣਤੀ ਵਿੱਚ ਰੱਦ ਹੋਣਾ ਇਸ ਗਿਰਾਵਟ ਦਾ ਇੱਕ ਪ੍ਰਮੁੱਖ ਕਾਰਨ ਹੈ। ਉਨ੍ਹਾਂ ਦੱਸਿਆ ਕਿ ਵੀਜ਼ਾ ਅਧਿਕਾਰੀਆਂ ਵੱਲੋਂ ਅਰਜ਼ੀਆਂ ਰੱਦ ਕਰਨ ਲਈ ਇੱਕੋ ਜਿਹੇ ਕਾਰਨ ਦਿੱਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਇਹ ਸਵਾਲ ਚੁੱਕਿਆ ਜਾਂਦਾ ਹੈ ਕਿ ਕੀ ਕੈਨੇਡਾ ਵਿੱਚ ਪੜ੍ਹਾਈ ਦਾ ਖ਼ਰਚਾ ਭਾਰਤ ਵਿੱਚ ਉਪਲਬਧ ਵਿਦਿਅਕ ਵਿਕਲਪਾਂ ਅਤੇ ਕਰੀਅਰ ਦੇ ਲਾਭਾਂ ਦੇ ਮੁਕਾਬਲੇ ਜਾਇਜ਼ ਹੈ ਜਾਂ ਨਹੀਂ। ਇਹ ਰਿਜੈਕਸ਼ਨ ਅਜਿਹੇ ਮਾਮਲਿਆਂ ਵਿੱਚ ਵੀ ਕੀਤੀ ਜਾ ਰਹੀ ਹੈ ਜਿੱਥੇ ਬਿਨੈਕਾਰਾਂ ਨੇ ਆਪਣੇ ਅਕਾਦਮਿਕ ਅਤੇ ਕਰੀਅਰ ਦੇ ਉਦੇਸ਼ਾਂ ਬਾਰੇ ਵਿਸਥਾਰਪੂਰਵਕ ਸਟੱਡੀ ਪਲਾਨ ਮੁਹੱਈਆ ਕਰਵਾਏ ਹੁੰਦੇ ਹਨ।

ਜੀਵਨ ਖ਼ਰਚਾ (GIC) ਦੁਗਣੇ ਤੋਂ ਵੱਧ ਅਤੇ ਨਿਯਮਾਂ 'ਚ ਸਖ਼ਤੀ
ਵੀਜ਼ਾ ਰੱਦ ਹੋਣ ਤੋਂ ਇਲਾਵਾ ਕੈਨੇਡਾ ਸਰਕਾਰ ਦੀਆਂ ਸਖ਼ਤ ਨੀਤੀਆਂ ਵੀ ਵਿਦਿਆਰਥੀਆਂ ਨੂੰ ਨਿਰਾਸ਼ ਕਰ ਰਹੀਆਂ ਹਨ। ਕੈਨੇਡਾ ਸਰਕਾਰ ਦੀ ਨਵੀਂ ਯੋਜਨਾ ਤਹਿਤ ਹਰ ਸਾਲ ਸਿਰਫ਼ 1,50,000 ਵਿਦੇਸ਼ੀ ਵਿਦਿਆਰਥੀਆਂ ਦੀ ਆਮਦ ਦਾ ਟੀਚਾ ਮਿਥਿਆ ਗਿਆ ਹੈ। ਜਨਵਰੀ 2024 ਤੋਂ ਘੱਟੋ-ਘੱਟ ਜੀਵਨ ਖ਼ਰਚੇ ਦੀ ਸ਼ਰਤ ਨੂੰ 10,000 ਕੈਨੇਡੀਅਨ ਡਾਲਰ ਤੋਂ ਵਧਾ ਕੇ 23,448 ਕੈਨੇਡੀਅਨ ਡਾਲਰ ਕਰ ਦਿੱਤਾ ਗਿਆ ਹੈ। ਪਬਲਿਕ-ਪ੍ਰਾਈਵੇਟ ਕਾਲਜ ਪਾਰਟਨਰਸ਼ਿਪ ਪ੍ਰੋਗਰਾਮਾਂ ਦੇ ਗ੍ਰੈਜੂਏਟਾਂ ਲਈ ਵਰਕ ਪਰਮਿਟ ਦੀ ਯੋਗਤਾ ਦੇ ਨਿਯਮ ਸਖ਼ਤ ਕਰ ਦਿੱਤੇ ਗਏ ਹਨ, ਅਤੇ ਨਵੀਆਂ ਭਾਸ਼ਾ ਤੇ ਕੋਰਸਾਂ ਦੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ।

ਇਮੀਗ੍ਰੇਸ਼ਨ ਮਾਹਰਾਂ ਅਨੁਸਾਰ ਜ਼ਿਆਦਾਤਰ ਭਾਰਤੀ ਵਿਦਿਆਰਥੀ ਪੜ੍ਹਾਈ ਤੋਂ ਬਾਅਦ ਰੁਜ਼ਗਾਰ ਦੇ ਮੌਕਿਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਦੇਸ਼ ਦੀ ਚੋਣ ਕਰਦੇ ਹਨ, ਪਰ ਵਰਕ ਪਰਮਿਟ ਦੀਆਂ ਸ਼ਰਤਾਂ ਸਖ਼ਤ ਹੋਣ ਕਾਰਨ ਉਨ੍ਹਾਂ ਦਾ ਰੁਝਾਨ ਘਟਿਆ ਹੈ। ਇਮੀਗ੍ਰੇਸ਼ਨ ਵਕੀਲ ਅਨੁਸਾਰ, "ਹੁਣ ਸਵਾਲ ਇਹ ਨਹੀਂ ਰਿਹਾ ਕਿ ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਨਾ ਚਾਹੁੰਦੇ ਹਨ ਜਾਂ ਨਹੀਂ, ਸਗੋਂ ਸਵਾਲ ਇਹ ਹੈ ਕਿ ਕੀ ਕੈਨੇਡਾ ਉਨ੍ਹਾਂ ਲਈ ਉੱਥੇ ਆਉਣਾ ਲਗਾਤਾਰ ਔਖਾ ਬਣਾ ਰਿਹਾ ਹੈ"।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News