ਇੰਡੋਨੇਸ਼ੀਆ 'ਚ 7.8 ਤੀਬਰਤਾ ਦੇ ਜ਼ਬਰਦਸਤ ਭੂਚਾਲ ਨਾਲ ਕੰਬੀ ਧਰਤੀ, ਸੁਨਾਮੀ ਦੀ ਚਿਤਾਵਨੀ ਜਾਰੀ

Thursday, Apr 02, 2026 - 08:53 AM (IST)

ਇੰਡੋਨੇਸ਼ੀਆ 'ਚ 7.8 ਤੀਬਰਤਾ ਦੇ ਜ਼ਬਰਦਸਤ ਭੂਚਾਲ ਨਾਲ ਕੰਬੀ ਧਰਤੀ, ਸੁਨਾਮੀ ਦੀ ਚਿਤਾਵਨੀ ਜਾਰੀ

ਇੰਟਰਨੈਸ਼ਨਲ ਡੈਸਕ - ਇੰਡੋਨੇਸ਼ੀਆ ਦੇ ਤੱਟ ਨੇੜੇ ਅੱਜ ਸਵੇਰੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 7.8 ਮਾਪੀ ਗਈ ਹੈ। ਭੂਚਾਲ ਦੇ ਇੰਨੇ ਤੇਜ਼ ਝਟਕਿਆਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਤੁਰੰਤ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। 

ਇਕ ਦੇ ਅਨੁਸਾਰ, ਇਹ ਭੂਚਾਲ 2 ਅਪ੍ਰੈਲ 2026 ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 04:18:15 ਵਜੇ ਆਇਆ। ਭੂਚਾਲ ਦਾ ਕੇਂਦਰ ਟਾਰਨੇਟ ਤੋਂ ਲਗਭਗ 119 ਕਿਲੋਮੀਟਰ ਪੱਛਮ-ਉੱਤਰ-ਪੱਛਮ 'ਚ ਅਤੇ ਜ਼ਮੀਨ ਤੋਂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਘੱਟ ਡੂੰਘਾਈ ਕਾਰਨ ਇਸ ਦੇ ਨੁਕਸਾਨ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ। 

ਇੰਡੋਨੇਸ਼ੀਆ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਸੰਭਾਵਿਤ ਖੇਤਰ 'ਪੈਸੀਫਿਕ ਰਿੰਗ ਆਫ਼ ਫਾਇਰ' 'ਤੇ ਸਥਿਤ ਹੈ। ਇੱਥੇ ਟੈਕਟੋਨਿਕ ਪਲੇਟਾਂ ਦੀ ਲਗਾਤਾਰ ਹਲਚਲ ਕਾਰਨ ਭੂਚਾਲ ਅਤੇ ਜਵਾਲਾਮੁਖੀ ਫਟਣ ਦੀਆਂ ਘਟਨਾਵਾਂ ਆਮ ਹਨ।

ਤੁਹਾਨੂੰ ਦੱਸ ਦਈਏ ਕਿ 2022 'ਚ, ਸਿਆਨਜੁਰ 'ਚ 5.6 ਤੀਬਰਤਾ ਦੇ ਭੂਚਾਲ ਨੇ ਘੱਟੋ-ਘੱਟ 602 ਲੋਕਾਂ ਦੀ ਜਾਨ ਲੈ ਲਈ। 2018 'ਚ, ਸੁਲਾਵੇਸੀ ਭੂਚਾਲ ਅਤੇ ਸੁਨਾਮੀ 'ਚ 4,300 ਤੋਂ ਵੱਧ ਲੋਕ ਮਾਰੇ ਗਏ। ਇਸ ਤੋਂ ਇਲਾਵਾ, 2004 ਦੇ ਹਿੰਦ ਮਹਾਸਾਗਰ ਭੂਚਾਲ ਅਤੇ ਸੁਨਾਮੀ ਨੇ ਇਕ ਦਰਜਨ ਦੇਸ਼ਾਂ 'ਚ 230,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ, ਜਿਸ 'ਚ ਆਚੇ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਇੰਡੋਨੇਸ਼ੀਆ ਲਗਾਤਾਰ ਭੂਚਾਲਾਂ ਅਤੇ ਸੁਨਾਮੀ ਦੇ ਖ਼ਤਰੇ 'ਚ ਹੈ।

ਹਾਲ ਹੀ 'ਚ ਟੋਂਗਾ 'ਚ ਆਏ ਭੂਚਾਲ ਤੋਂ ਸਬਕ ਲੈਂਦੇ ਹੋਏ, ਅਧਿਕਾਰੀਆਂ ਨੇ ਤੱਟਵਰਤੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਥਾਵਾਂ ਜਾਂ ਅੰਦਰੂਨੀ ਖੇਤਰਾਂ ਵਿੱਚ ਜਾਣ ਦੀ ਸਲਾਹ ਦਿੱਤੀ ਹੈ। ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ ਜਾਂਦੀ, ਉਹ ਸਮੁੰਦਰ ਦੇ ਕਿਨਾਰਿਆਂ ਤੋਂ ਦੂਰ ਰਹਿਣ।


author

Sunaina

Content Editor

Related News