ਸਟੇਟ ਬੈਂਕ ਆਫ ਪਾਕਿਸਤਾਨ ਨੇ ਘੱਟ ਰਹੇ ਵਿਦੇਸ਼ੀ ਮੁਦਰਾ ਭੰਡਾਰ 'ਤੇ ਸਰਕਾਰ ਨੂੰ ਦਿੱਤੀ ਚਿਤਾਵਨੀ

Sunday, Jul 10, 2022 - 06:39 PM (IST)

ਇਸਲਾਮਾਬਾਦ : ਪਾਕਿਸਤਾਨ ਵਿੱਚ ਵਿਗੜਦੀ ਆਰਥਿਕ ਸਥਿਤੀ ਕਾਰਨ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਮਹਿੰਗਾਈ ਕਾਰਨ ਜਨਤਾ ਦੁਖੀ ਹੈ ਅਤੇ ਵਿਦੇਸ਼ੀ ਮੁਦਰਾ ਭੰਡਾਰ ਦਾ ਵੀ ਬੁਰਾ ਹਾਲ ਹੈ। ਦੇਸ਼ ਦੇ ਕੇਂਦਰੀ ਬੈਂਕ ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਵਿਦੇਸ਼ੀ ਮੁਦਰਾ ਦੇ ਡਿੱਗਦੇ ਭੰਡਾਰ ਅਤੇ ਬਰਾਮਦਾਂ 'ਤੇ ਇਸ ਦੇ ਮਾੜੇ ਪ੍ਰਭਾਵ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਅਤੇ ਸ਼ਾਹਬਾਜ਼ ਸ਼ਰੀਫ਼ ਸਰਕਾਰ ਨੂੰ ਇਸ ਸਬੰਧ ਵਿਚ ਤੁਰੰਤ ਧਿਆਨ ਦੇਣ ਲਈ ਕਿਹਾ ਹੈ।

ਇਹ ਵੀ ਪੜ੍ਹੋ : ਨੇਪਾਲ ਨੇ ਪਹਿਲੀ ਵਾਰ ਭਾਰਤ ਨੂੰ ਸੀਮੈਂਟ ਦੀ ਐਕਸਪੋਰਟ ਕੀਤੀ ਸ਼ੁਰੂ

ਪਾਕਿਸਤਾਨ ਦੀ ਵਿਗੜ ਰਹੀ ਆਰਥਿਕ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ 11 ਮਹੀਨਿਆਂ 'ਚ ਇਸ ਦੇਸ਼ ਦਾ ਕਰਜ਼ਾ 15 ਫੀਸਦੀ ਤੋਂ ਜ਼ਿਆਦਾ ਵਧ ਗਿਆ ਹੈ। ਡਾਨ ਅਖਬਾਰ ਨੇ ਸਟੇਟ ਬੈਂਕ ਆਫ ਪਾਕਿਸਤਾਨ ਦੇ ਹਵਾਲੇ ਨਾਲ ਕਿਹਾ ਕਿ ਜੂਨ 2021 'ਚ ਸੰਘੀ ਸਰਕਾਰ 'ਤੇ ਕੁੱਲ ਕਰਜ਼ਾ 38.70 ਲੱਖ ਕਰੋੜ ਪਾਕਿਸਤਾਨੀ ਰੁਪਏ ਸੀ, ਜੋ ਇਸ ਸਾਲ ਮਈ 'ਚ ਵਧ ਕੇ 44.63 ਲੱਖ ਕਰੋੜ ਹੋ ਗਿਆ।

ਬੈਂਕ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਡਿੱਗਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਨਾ ਰੋਕਿਆ ਗਿਆ ਤਾਂ ਦੂਜੇ ਦੇਸ਼ਾਂ ਤੋਂ ਸਾਮਾਨ ਦੀ ਦਰਾਮਦ ਕਰਨਾ ਹੋਰ ਮੁਸ਼ਕਲ ਹੋ ਜਾਵੇਗਾ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸਟੇਟ ਬੈਂਕ ਦੀ ਇਹ ਚਿਤਾਵਨੀ ਵਿਦੇਸ਼ੀ ਮੁਦਰਾ ਭੰਡਾਰ 'ਚ ਭਾਰੀ ਗਿਰਾਵਟ ਦੇ ਦੌਰਾਨ ਆਈ ਹੈ। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 17 ਜੂਨ ਨੂੰ ਘਟ ਕੇ 8.24 ਅਰਬ ਡਾਲਰ ਰਹਿ ਗਿਆ।

ਇਹ ਵੀ ਪੜ੍ਹੋ : ਰੁਪਏ 'ਚ ਰਿਕਾਰਡ ਗਿਰਾਵਟ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਆਈ ਪੰਜ ਅਰਬ ਡਾਲਰ ਦੀ ਕਮੀ

ਦੇਸ਼ 'ਤੇ ਕਰਜ਼ੇ ਦੇ ਦਬਾਅ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਨੂੰ ਘਟਣ ਦਾ ਇਹ ਰੁਝਾਨ ਜਾਰੀ ਰਹਿਣ ਦੀ ਸੰਭਾਵਨਾ ਹੈ। ਵਿੱਤੀ ਸਾਲ 2020-21 ਦੌਰਾਨ ਪਾਕਿਸਤਾਨ ਵਿੱਚ ਕੁੱਲ ਪੈਟਰੋਲੀਅਮ ਦਰਾਮਦ 9.7 ਬਿਲੀਅਨ ਅਮਰੀਕੀ ਡਾਲਰ ਰਹੀ। ਪਾਕਿਸਤਾਨੀ ਰੁਪਏ ਦਾ ਮੁੱਲ ਲਗਾਤਾਰ ਘਟ ਰਿਹਾ ਹੈ ਅਤੇ ਇਹ 6 ਜੂਨ ਨੂੰ ਡਾਲਰ ਦੇ ਮੁਕਾਬਲੇ 199 ਰੁਪਏ ਸੀ, ਜੋ 6 ਜੁਲਾਈ 2022 ਨੂੰ 207 ਰੁਪਏ 'ਤੇ ਪਹੁੰਚ ਗਿਆ ਹੈ।

ਰਿਪੋਰਟ ਮੁਤਾਬਕ ਜੂਨ 2021 'ਚ ਸਰਕਾਰ ਦਾ ਘਰੇਲੂ ਕਰਜ਼ਾ ਅਤੇ ਦੇਣਦਾਰੀਆਂ 26.968 ਲੱਖ ਕਰੋੜ ਰੁਪਏ ਸਨ, ਜੋ ਮਈ 'ਚ ਵਧ ਕੇ 29.850 ਲੱਖ ਕਰੋੜ ਰੁਪਏ ਹੋ ਗਈਆਂ। ਘਰੇਲੂ ਕਰਜ਼ਾ ਆਰਥਿਕਤਾ ਦੇ ਵਾਧੇ ਦੇ ਰਾਹ ਵਿੱਚ ਇੱਕ ਵੱਡੀ ਰੁਕਾਵਟ ਬਣ ਗਿਆ ਹੈ। ਹਰ ਸਾਲ ਵਧ ਰਹੇ ਘਰੇਲੂ ਕਰਜ਼ੇ ਦੇ ਆਕਾਰ ਦਾ ਸਾਲਾਨਾ ਬਜਟ 'ਤੇ ਸਿੱਧਾ ਅਸਰ ਪੈਂਦਾ ਹੈ। ਨਤੀਜੇ ਵਜੋਂ ਵਿਕਾਸ ਨਾਲ ਸਬੰਧਤ ਸਕੀਮਾਂ ਦੇ ਬਜਟ ਵਿੱਚ ਕਟੌਤੀ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ : ਘੋੜੇ 'ਤੇ ਸਵਾਰ Swiggy Boy ਨੂੰ ਲੱਭ ਰਹੀ ਕੰਪਨੀ, ਪਤਾ ਦੱਸਣ ਵਾਲੇ ਨੂੰ 5 ਹਜ਼ਾਰ ਦੇ ਇਨਾਮ ਦਾ ਐਲਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ। 


 


Harinder Kaur

Content Editor

Related News