ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਸ਼੍ਰੀਲੰਕਾ ਦੇ ਰੈਪਰ ਦੀ ਮੌਤ

Tuesday, Apr 12, 2022 - 04:35 PM (IST)

ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਸ਼੍ਰੀਲੰਕਾ ਦੇ ਰੈਪਰ ਦੀ ਮੌਤ

ਕੋਲੰਬੋ (ਵਾਰਤਾ)- ਸ੍ਰੀਲੰਕਾ ਦੇ ਹਿੱਪ ਹੌਪ ਰੈਪਰ ਸ਼ਿਰਾਜ਼ ਉਰਫ਼ ਰੂਡ ਬੁਆਏ ਦਾ ਸੋਮਵਾਰ ਨੂੰ ਰਾਜਧਾਨੀ ਕੋਲੰਬੋ ਵਿਚ ਆਰਥਿਕ ਅਤੇ ਵਿੱਤੀ ਸੰਕਟ ਨੂੰ ਲੈ ਕੇ ਹੋ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸ਼ਿਰਾਜ਼ ਦੀ ਮੌਤ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਅਤੇ ਉਨ੍ਹਾਂ ਦੀ ਸਰਕਾਰ ਦੇ ਖ਼ਿਲਾਫ਼ ਗਾਲ ਫੇਸ ਗ੍ਰੀਨ ਵਿੱਚ 'ਗੋ ਹੋਮ ਗੋਟਾ' ਜਨਤਕ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦੌਰਾਨ ਹੋਈ।

ਨਿਊਜ਼ ਵਾਇਰ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਦਾ ਮਨੋਰੰਜਨ ਕਰਨ ਲਈ ਬੌਬ ਮਾਰਲੇ ਦਾ "ਗੇਟ ਅੱਪ, ਸਟੈਂਡ ਅੱਪ" ਗਾਣਾ ਗਾਇਆ ਅਤੇ ਗਾਣਾ ਖ਼ਤਮ ਹੋਣ ਤੋਂ ਲਗਭਗ 2 ਮਿੰਟ ਬਾਅਦ ਉਹ ਅਚਾਨਕ ਡਿੱਗ ਪਏ। ਰਿਪੋਰਟ ਮੁਤਾਬਕ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਉਨ੍ਹਾਂ ਨੇ ਦਮ ਤੋੜ ਦਿੱਤਾ।

ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਇਨ੍ਹੀਂ ਦਿਨੀਂ ਆਪਣੇ ਸਭ ਤੋਂ ਬੁਰੇ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ ਹੈ। ਇਸ ਕਾਰਨ ਲੋਕ ਸੜਕਾਂ 'ਤੇ ਆ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰਾਜਧਾਨੀ 'ਚ ਭਾਰੀ ਮੀਂਹ ਦੇ ਬਾਵਜੂਦ ਲੋਕ ਲਗਾਤਾਰ ਚੌਥੇ ਦਿਨ ਵੀ ਪ੍ਰਦਰਸ਼ਨ ਕਰ ਰਹੇ ਹਨ।


author

cherry

Content Editor

Related News