ਮੰਤਰੀਆਂ ਅਤੇ ਉਪ ਮੰਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ; ਸਟਾਫ, ਵਾਹਨਾਂ ਤੇ ਹੋਰ ਖਰਚਿਆਂ ਦੀ ਸੀਮਾ ਨਿਰਧਾਰਤ

Thursday, Jan 23, 2025 - 05:59 PM (IST)

ਮੰਤਰੀਆਂ ਅਤੇ ਉਪ ਮੰਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ; ਸਟਾਫ, ਵਾਹਨਾਂ ਤੇ ਹੋਰ ਖਰਚਿਆਂ ਦੀ ਸੀਮਾ ਨਿਰਧਾਰਤ

ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਦੇ ਦਫ਼ਤਰ ਨੇ ਸਰਕਾਰੀ ਖਰਚਿਆਂ ਨੂੰ ਘਟਾਉਣ ਲਈ ਮੰਤਰੀਆਂ ਅਤੇ ਉਪ ਮੰਤਰੀਆਂ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਵਿੱਚ ਉਨ੍ਹਾਂ ਦੇ ਕਰਮਚਾਰੀਆਂ ਦੀ ਗਿਣਤੀ, ਵਾਹਨਾਂ ਦੀ ਵਰਤੋਂ ਅਤੇ ਹੋਰ ਖਰਚਿਆਂ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ। 21 ਜਨਵਰੀ ਨੂੰ ਜਾਰੀ ਕੀਤੇ ਗਏ ਨਿਰਦੇਸ਼ ਵੀਰਵਾਰ ਨੂੰ ਮੀਡੀਆ ਨੂੰ ਜਾਰੀ ਕੀਤੇ ਗਏ।

ਇਹ ਵੀ ਪੜ੍ਹੋ: ਟਰੰਪ ਦੇ ਇਸ ਫੈਸਲੇ ਨੇ Pregnant ਔਰਤਾਂ 'ਚ ਮਚਾਈ ਤਰਥੱਲੀ, ਸਮੇਂ ਤੋਂ ਪਹਿਲਾਂ ਕਰਾਉਣਾ ਚਾਹੁੰਦੀਆਂ ਹਨ ਡਿਲੀਵਰੀ

ਰਾਸ਼ਟਰਪਤੀ ਦੇ ਸਕੱਤਰ ਐੱਨ.ਐੱਸ. ਕੁਮਾਨਾਇਕੇ ਦੇ ਅਨੁਸਾਰ, ਮੰਤਰੀਆਂ ਨੂੰ ਵੱਧ ਤੋਂ ਵੱਧ 15 ਅਤੇ ਉਪ ਮੰਤਰੀਆਂ ਨੂੰ 12 ਸਹਾਇਕ ਸਟਾਫ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਕਰਮਚਾਰੀ ਰਾਜ ਸੇਵਾ ਤੋਂ ਭਰਤੀ ਕੀਤੇ ਜਾਣੇ ਚਾਹੀਦੇ ਹਨ ਅਤੇ ਇਹਨਾਂ ਵਿੱਚ ਪਰਿਵਾਰਕ ਮੈਂਬਰ ਜਾਂ ਨਜ਼ਦੀਕੀ ਰਿਸ਼ਤੇਦਾਰ ਸ਼ਾਮਲ ਨਹੀਂ ਹੋ ਸਕਦੇ। ਰਾਸ਼ਟਰਪਤੀ ਸਕੱਤਰੇਤ ਨੇ ਵਾਹਨਾਂ ਦੀ ਵਰਤੋਂ, ਈਂਧਣ ਅਤੇ ਟੈਲੀਫੋਨ ਖਰਚਿਆਂ ਸੰਬੰਧੀ ਵੀ ਨਿਰਦੇਸ਼ ਦਿੱਤੇ ਹਨ। ਮੰਤਰੀਆਂ ਅਤੇ ਉਪ ਮੰਤਰੀਆਂ ਨੂੰ ਵੱਧ ਤੋਂ ਵੱਧ 2 ਵਾਹਨ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਜੇਕਰ ਉਹ ਸਰਕਾਰੀ ਵਾਹਨਾਂ ਦੀ ਵਰਤੋਂ ਕਰਦੇ ਹਨ ਜਾਂ ਨਿੱਜੀ ਸੰਸਥਾਵਾਂ ਤੋਂ ਵਾਹਨ ਕਿਰਾਏ 'ਤੇ ਲੈਂਦੇ ਹਨ, ਤਾਂ ਮੰਤਰਾਲਾ ਦੇ ਸਕੱਤਰ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਹ ਰਾਸ਼ਟਰਪਤੀ ਸਕੱਤਰੇਤ ਦੁਆਰਾ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ।

ਇਹ ਵੀ ਪੜ੍ਹੋ: ਟਰੰਪ ਨੇ ਹੁਣ ਰੂਸ ਨੂੰ ਦਿੱਤੀ ਟੈਰਿਫ ਧਮਕੀ, ਆਖਿਰ ਕਿਉਂ ਆਇਆ ਅਮਰੀਕੀ ਰਾਸ਼ਟਰਪਤੀ ਨੂੰ ਗੁੱਸਾ

ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਇਹ ਨਵੇਂ ਨਿਯਮ ਇਸ ਸਾਲ 6 ਜਨਵਰੀ ਤੋਂ ਲਾਗੂ ਹੋ ਗਏ ਹਨ। ਦਿਸਾਨਾਯਕੇ ਨੇ ਜ਼ੋਰ ਦੇ ਕੇ ਕਿਹਾ ਕਿ ਨਵੇਂ ਨਿਯਮਾਂ ਦਾ ਉਦੇਸ਼ ਸਰਕਾਰੀ ਖਰਚਿਆਂ ਨੂੰ ਘਟਾਉਣਾ ਹੈ। ਪਿਛਲੇ ਸਾਲ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ, ਨਵੀਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਸ਼੍ਰੀਲੰਕਾ ਦੇ ਹਰੇਕ ਸੰਸਦ ਮੈਂਬਰ ਨੂੰ ਵਰਤੋਂ ਲਈ ਘੱਟ ਈਂਧਨ ਖਪਤ ਵਾਲੇ ਵਾਹਨ ਪ੍ਰਦਾਨ ਕੀਤੇ ਜਾਣਗੇ। ਜਨਤਕ ਸੁਰੱਖਿਆ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਆਨੰਦ ਵਿਜੇਪਾਲਾ ਨੇ ਪਿਛਲੇ ਸਾਲ ਨਵੰਬਰ ਵਿੱਚ ਕਿਹਾ ਸੀ ਕਿ ਸੰਸਦ ਮੈਂਬਰ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਵਾਹਨਾਂ ਦੀ ਵਰਤੋਂ ਕਰ ਸਕਦੇ ਹਨ, ਪਰ ਉਹ ਲਗਜ਼ਰੀ ਵਾਹਨਾਂ ਦੇ ਹੱਕਦਾਰ ਨਹੀਂ ਹੋਣਗੇ। ਉਨ੍ਹਾਂ ਕਿਹਾ, "ਅਸੀਂ ਇਹ ਫੈਸਲਾ ਟੈਕਸ ਦੇ ਪੈਸੇ ਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਲਿਆ ਹੈ।" ਸ਼੍ਰੀਲੰਕਾ ਨੇ ਪਹਿਲਾਂ ਹਰੇਕ ਸੰਸਦ ਮੈਂਬਰ ਨੂੰ ਫੀਸ ਦਾ ਭੁਗਤਾਨ ਕੀਤੇ ਬਿਨਾਂ ਵਾਹਨ ਆਯਾਤ ਕਰਨ ਅਤੇ ਰੱਖਣ ਦਾ ਮੌਕਾ ਦਿੱਤਾ ਸੀ। ਸੰਸਦੀ ਚੋਣਾਂ ਜਿੱਤਣ ਵਾਲੀ ਨੈਸ਼ਨਲ ਪੀਪਲਜ਼ ਪਾਵਰ ਨੇ ਕਿਹਾ ਕਿ ਲਗਜ਼ਰੀ ਵਾਹਨਾਂ ਦਾ ਆਯਾਤ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 'ਤੇ ਬੋਝ ਹੈ।

ਇਹ ਵੀ ਪੜ੍ਹੋ: ਅਮਰੀਕੀ ਸਦਨ ਨੇ ਪ੍ਰਵਾਸੀ ਹਿਰਾਸਤ ਬਿੱਲ ਕੀਤਾ ਪਾਸ, ਟਰੰਪ ਦੇ ਦਸਤਖਤ ਹੁੰਦੇ ਹੀ ਬਣ ਜਾਵੇਗਾ ਕਾਨੂੰਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News