ਸ਼੍ਰੀਲੰਕਾਈ ਪੁਲਸ ਨੇ 9 ਮਈ ਦੀ ਹਿੰਸਾ ਮਾਮਲੇ ’ਚ 1500 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Monday, May 23, 2022 - 03:33 PM (IST)

ਕੋਲੰਬੋ (ਭਾਸ਼ਾ) : ਸ਼੍ਰੀਲੰਕਾਈ ਪੁਲਸ ਨੇ ਦੇਸ਼ ’ਚ ਸਰਕਾਰ ਵਿਰੋਧੀ ਅਤੇ ਸਰਕਾਰ ਪੱਖੀ ਪ੍ਰਦਰਸ਼ਨਕਾਰੀਆਂ ਦਰਮਿਆਨ ਹੋਈਆਂ ਹਿੰਸਕ ਝੜਪਾਂ ਦੇ ਸਬੰਧ ’ਚ ਹੁਣ ਤੱਕ ਘੱਟੋ-ਘੱਟ 1500 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਮੀਡੀਆ ਰਿਪੋਰਟ ’ਚ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਇਨ੍ਹਾਂ ਝੜਪਾਂ ’ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 200 ਹੋਰ ਜ਼ਖ਼ਮੀ ਹੋ ਗਏ। ਦੇਸ਼ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਕਾਰਨ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ’ਤੇ ਰਾਜਪਕਸ਼ੇ ਦੇ ਸਮਰਥਕਾਂ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ 9 ਮਈ ਨੂੰ ਹਿੰਸਾ ਭੜਕ ਗਈ ਸੀ। ਆਨਲਾਈਨ ਪੋਰਟਲ 'ਨਿਊਜ਼ ਫਰਸਟ ਡਾਟ ਆਈਕੇ' ਦੇ ਅਨੁਸਾਰ ਸ਼੍ਰੀਲੰਕਾਈ ਪੁਲਸ ਦੇ ਬੁਲਾਰੇ ਐੱਸ.ਐੱਸ.ਪੀ. ਨਿਹਾਲ ਥਲਦੁਵਾ ਨੇ ਕਿਹਾ ਕਿ ਹਿੰਸਾ ਦੇ ਸਬੰਧ ਵਿੱਚ 1,500 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਿਛਲੇ 24 ਘੰਟਿਆਂ ਦੌਰਾਨ 152 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼੍ਰੀਲੰਕਾ ਦੇ ਅਪਰਾਧ ਜਾਂਚ ਵਿਭਾਗ (ਸੀ.ਆਈ.ਡੀ.) ਨੇ ਸ਼ਨੀਵਾਰ ਨੂੰ ਪੁਲਸ ਦੇ ਇੰਸਪੈਕਟਰ ਜਨਰਲ ਚੰਦਨਾ ਡੀ. ਵਿਕ੍ਰਮਰਤਨਾ ਤੋਂ ਪੁੱਛਗਿੱਛ ਕੀਤੀ ਸੀ। ਇਹ ਪੁੱਛਗਿੱਛ 9 ਮਈ ਨੂੰ ਉਨ੍ਹਾਂ ਦੇ ਕਦਮ ਨੂੰ ਲੈ ਕੇ ਕੀਤੀ ਗਈ ਹੈ, ਜਿਸ ਨਾਲ ਸਰਕਾਰ ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਹਿੰਸਾ ਹੋਈ ਸੀ। ਆਨਲਾਈਨ ਪੋਰਟਲ ‘ਕੋਲੰਬੋ ਗਜ਼ਟ’ ਦੇ ਅਨੁਸਾਰ ਇਸ ਹਫ਼ਤੇ ਦੀ ਸ਼ੁਰੂਆਤ ’ਚ ਗਾਲੇ ਜ਼ਿਲ੍ਹੇ ਦੇ ਸੰਸਦ ਰਮੇਸ਼ ਪਥਿਰਾਣਾ ਨੇ ਸੰਸਦ ਨੂੰ ਦੱਸਿਆ ਕਿ ਸੀਨੀਅਰ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ (ਡੀ.ਆਈ.ਜੀ.) ਅਤੇ ਪੱਛਮੀ ਸੂਬੇ ਦੇ ਇੰਚਾਰਜ ਦੇਸ਼ਬੰਧੂ ਤਿਨਾਕੂਨ ਨੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਸੂਚਿਤ ਕੀਤਾ ਸੀ ਕਿ ਵਿਕ੍ਰਮਰਤਨਾ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਗਾਲੇ ਵੱਲ ਆ ਰਹੀ ਭੀੜ ਨੂੰ ਨਾ ਰੋਕਿਆ ਜਾਵੇ, ਜੋ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ’ਤੇ ਹਮਲਾ ਕਰਨ ਜਾ ਰਹੀ ਸੀ। ਪਥਿਰਾਣਾ ਨੇ ਕਿਹਾ ਕਿ ਰਾਸ਼ਟਰਪਤੀ ਨੇ ਸਥਿਤੀ ਨੂੰ ਕਾਬੂ ਤੋਂ ਬਾਹਰ ਹੋਣ ਤੋਂ ਰੋਕਣ ਲਈ ਕਾਰਵਾਈ ਕਰਨ ਨੂੰ ਕਿਹਾ। ਕੋਲੰਬੋ ਗਜ਼ਟ ਮੁਤਾਬਕ ਰਾਸ਼ਟਰਪਤੀ ਦੇ ਹੁਕਮਾਂ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਭੀੜ ਨੂੰ ਖਿੰਡਾਉਣ ਲਈ ਹੰਝੂ ਗੈਸ ਅਤੇ ਪਾਣੀ ਦੀਆਂ ਬੌਛਾੜਾਂ ਛੱਡੀਆਂ ਪਰ ਉਦੋਂ ਤੱਕ ਵੱਡੀ ਗਿਣਤੀ ’ਚ ਲੋਕ ਜ਼ਖਮੀ ਹੋ ਚੁੱਕੇ ਸਨ ਅਤੇ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਚੁੱਕੀ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸੀ.ਆਈ.ਡੀ. ਨੇ ਸੱਤਾਧਾਰੀ ਪਾਰਟੀ ਐੱਸ.ਐੱਲ.ਪੀ.ਪੀ. (ਸ਼੍ਰੀਲੰਕਾ ਪੋਡੁਜਨ ਪੇਰਾਮੁਨਾ) ਦੇ ਸੰਸਦੀ ਸਮੂਹ ਦੇ ਤਿੰਨ ਮੈਂਬਰਾਂ ਤੋਂ ਝੜਪਾਂ ’ਚ ਕਥਿਤ ਸ਼ਮੂਲੀਅਤ ਲਈ ਪੁੱਛਗਿੱਛ ਕੀਤੀ ਸੀ। ਇਸ ਦੇ ਨਾਲ ਹੀ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਉਸ ਦੇ ਦੋ ਸਾਥੀਆਂ ਨੂੰ 25 ਮਈ ਤੱਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਬੇਟੇ ਅਤੇ ਸਾਬਕਾ ਮੰਤਰੀ ਨਮਲ ਰਾਜਪਕਸ਼ੇ ਨੂੰ ਵੀ ਸ਼ੁੱਕਰਵਾਰ ਨੂੰ ਸੰਮਨ ਭੇਜ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ। ਗੱਠਜੋੜ ਸਰਕਾਰ ਦੇ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਵਿਰੋਧੀ ਧਿਰ ਜਨਤਾ ਵਿਮੁਕਤੀ ਪੇਰਾਮੁਨਾ ਦੀ 9 ਮਈ ਦੀ ਹਿੰਸਾ ਨੂੰ ਭੜਕਾਉਣ ’ਚ ਭੂਮਿਕਾ ਸੀ ਪਰ ਮਾਰਕਸਵਾਦੀ ਪਾਰਟੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।