ਸ਼੍ਰੀਲੰਕਾ : ਬੰਬ ਧਮਾਕਿਆਂ ਦੇ ਡੇਢ ਮਹੀਨੇ ਬਾਅਦ ਖੁਫੀਆ ਵਿਭਾਗ ਦੇ ਮੁਖੀ ਨੇ ਦਿੱਤਾ ਅਸਤੀਫਾ

06/09/2019 11:48:40 AM

ਕੋਲੰਬੋ— ਸ਼੍ਰੀਲੰਕਾ 'ਚ 21 ਅਪ੍ਰੈਲ ਨੂੰ ਹੋਏ ਬੰਬ ਧਮਾਕਿਆਂ ਦੇ ਡੇਢ ਮਹੀਨੇ ਬਾਅਦ ਰਾਸ਼ਟਰੀ ਖੁਫੀਆ ਵਿਭਾਗ ਦੇ ਮੁਖੀ ਸਿਸਿਰਾ ਮੈਂਡਿਸ ਨੇ ਸ਼ਨੀਵਾਰ ਨੂੰ ਅਸਤੀਫਾ ਦਿੱਤਾ। ਰਾਸ਼ਟਰਪਤੀ ਮੈਤਰੀਪਾਲਾ ਸਿਰਿਸੈਨਾ ਅਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦਾ ਦੋਸ਼ ਹੈ ਕਿ ਬੰਬ ਧਮਾਕਿਆਂ ਤੋਂ 15 ਦਿਨ ਪਹਿਲਾਂ ਭਾਰਤ ਤੋਂ ਮਿਲੀ ਖੁਫੀਆ ਜਾਣਕਾਰੀ ਦੀ ਸੂਚਨਾ ਅਫਸਰਾਂ ਨੇ ਉਨ੍ਹਾਂ ਨੂੰ ਨਹੀਂ ਦਿੱਤੀ। ਸਿਸਿਰਾ ਨੂੰ ਆਲੋਚਨਾਵਾਂ ਵੀ ਝੱਲਣੀਆਂ ਪੈ ਰਹੀਆਂ ਸਨ। 

ਈਸਟਰ ਦੇ ਦਿਨ ਹੋਏ ਬੰਬ ਧਮਾਕਿਆਂ 'ਚ 11 ਭਾਰਤੀਆਂ ਸਮੇਤ 258 ਲੋਕਾਂ ਦੀ ਜਾਨ ਗਈ ਸੀ। ਮੀਡੀਆ ਮੁਤਾਬਕ ਪਾਰਲੀਮੈਂਟ ਸਿਲੈਕਟ ਕਮੇਟੀ ਦੌਰਾਨ ਸਿਸਿਰਾ ਨੇ ਦਾਅਵਾ ਕੀਤਾ ਸੀ ਕਿ ਰਾਸ਼ਟਰਪਤੀ ਸੁਰੱਖਿਆ ਸਬੰਧੀ ਬੈਠਕ ਲੈਣ 'ਚ ਅਸਫਲ ਰਹੇ ਹਨ। ਇਸ ਦੇ ਬਾਅਦ ਰਾਸ਼ਟਰਪਤੀ ਨੇ ਵੀ ਬਿਆਨ ਜਾਰੀ ਕਰ ਮੈਂਡਿਸ ਦੀ ਨਿੰਦਾ ਕੀਤੀ ਸੀ। ਸ਼੍ਰੀਲੰਕਾ ਦੇ ਰੱਖਿਆ ਸਕੱਤਰ ਸ਼ਾਂਤਾ ਕੋਟੇਗੋੜਾ ਨੇ ਸਿਸਿਰਾ ਦੇ ਅਸਤੀਫੇ ਦੀ ਪੁਸ਼ਟੀ ਕੀਤੀ। ਸ਼ਾਂਤਾ ਨੇ ਕਿਹਾ ਕਿ ਰਾਸ਼ਟਰਪਤੀ ਵਲੋਂ ਕੀਤੀ ਗਈ ਆਲੋਚਨਾ ਨਾਲ ਸਿਸਿਰਾ ਕਾਫੀ ਦੁਖੀ ਹੋਏ ਅਤੇ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਸਸਪੈਂਡ ਪੁਲਸ ਮੁਖੀ ਪੀ. ਜੈਸੁੰਦਰਾ ਨੇ ਵੀ ਰਾਸ਼ਟਰਪਤੀ ਨੂੰ ਧਮਾਕਿਆਂ ਨੂੰ ਰੋਕਣ 'ਚ ਅਸਫਲ ਦੱਸਿਆ ਸੀ। ਜੈਸੁੰਦਰਾ ਨੇ 20 ਪੇਜ ਦੀ ਸ਼ਿਕਾਇਤ 'ਚ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ 9 ਅਪ੍ਰੈਲ ਨੂੰ ਸਾਨੂੰ ਸੁਰੱਖਿਆ ਵਿਭਾਗ ਕੋਲੋਂ ਇਕ ਪੱਤਰ ਮਿਲਿਆ। ਇਸ 'ਚ ਯੋਜਨਾਬੱਧ ਹਮਲੇ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਸਟੇਟ ਸਰਵਿਸਜ਼ ਦੇ ਮੁਖੀ ਨੀਲਾਂਤ ਜੈਵਰਧਨੇ ਨੇ ਲਾਪਰਵਾਹੀ ਵਰਤੀ। ਹਾਲਾਂਕਿ ਰਾਸ਼ਟਰਪਤੀ ਨੇ ਜੈਵਰਧਨ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਦੀ ਜਾਣਕਾਰੀ ਸਿੱਧੇ ਪ੍ਰਧਾਨ ਮੰਤਰੀ ਨੂੰ ਦੇਣ ਲਈ ਕਿਹਾ ਸੀ।
ਜ਼ਿਕਰਯੋਗ ਹੈ ਕਿ ਹੁਣ ਤਕ 9 ਮੁਸਲਿਮ ਮੰਤਰੀਆਂ ਅਤੇ ਦੋ ਸੂਬਾ ਰਾਜਪਾਲ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਜ਼ਿਕਰਯੋਗ ਹੈ ਕਿ ਆਈ. ਐੱਸ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ।


Related News