ਸ਼੍ਰੀਲੰਕਾ ਨੇ ਚੀਨ ਨੂੰ 1 ਲੱਖ ਬਾਂਦਰ ਭੇਜਣ 'ਤੇ ਲਗਾਈ ਰੋਕ, ਜਾਣੋ ਪੂਰਾ ਮਾਮਲਾ

Tuesday, Jun 27, 2023 - 04:50 PM (IST)

ਸ਼੍ਰੀਲੰਕਾ ਨੇ ਚੀਨ ਨੂੰ 1 ਲੱਖ ਬਾਂਦਰ ਭੇਜਣ 'ਤੇ ਲਗਾਈ ਰੋਕ, ਜਾਣੋ ਪੂਰਾ ਮਾਮਲਾ

ਕੋਲੰਬੋ- ਸ਼੍ਰੀਲੰਕਾ ਦੀ ਸਰਕਾਰ ਨੇ ਚੀਨ ਨੂੰ ਇੱਕ ਲੱਖ ਟੋਕ ਮਕਾਕ ਬਾਂਦਰ ਭੇਜਣ ਦੇ ਫ਼ੈਸਲੇ 'ਤੇ ਰੋਕ ਲਗਾ ਦਿੱਤੀ ਹੈ। ਸ੍ਰੀਲੰਕਾ ਦੇ ਅਟਾਰਨੀ ਜਨਰਲ ਨੇ ਇਸ ਫ਼ੈਸਲੇ ਬਾਰੇ ਅਪੀਲ ਕੋਰਟ ਨੂੰ ਉਦੋਂ ਜਾਣਕਾਰੀ ਦਿੱਤੀ, ਜਦੋਂ ਇਹ ਮਾਮਲਾ ਵਾਤਾਵਰਣ ਪੱਖੀ ਸੰਗਠਨਾਂ ਦੇ ਚੱਲ ਰਹੇ ਵਿਰੋਧ ਦੇ ਵਿਚਕਾਰ ਅਦਾਲਤ ਵਿੱਚ ਪਹੁੰਚਿਆ। ਅਟਾਰਨੀ ਜਨਰਲ ਨੇ ਦੱਸਿਆ ਕਿ ਉਸ ਨੂੰ ਜੰਗਲੀ ਜੀਵ ਅਤੇ ਸੰਭਾਲ ਵਿਭਾਗ ਤੋਂ ਹਦਾਇਤਾਂ ਮਿਲੀਆਂ ਹਨ ਕਿ ਉਹ ਚੀਨ ਨੂੰ ਬਾਂਦਰਾਂ ਦੀ ਬਰਾਮਦ ਲਈ ਕਦਮ ਨਹੀਂ ਚੁੱਕਣਗੇ। ਦਰਅਸਲ ਪਟੀਸ਼ਨਕਰਤਾਵਾਂ ਨੇ ਬਾਂਦਰਾਂ ਦੇ ਪ੍ਰਸਤਾਵਿਤ ਨਿਰਯਾਤ ਨੂੰ ਰੋਕਣ ਲਈ ਆਦੇਸ਼ ਜਾਰੀ ਕਰਨ ਲਈ ਅਪੀਲ ਕੋਰਟ ਦੇ ਦਖਲ ਦੀ ਮੰਗ ਕੀਤੀ ਸੀ। ਸ਼੍ਰੀਲੰਕਾ ਵਿੱਚ ਇਸ ਪ੍ਰਜਾਤੀ ਦੇ 30 ਲੱਖ ਤੋਂ ਵੱਧ ਬਾਂਦਰ ਹਨ।

ਜ਼ੂਲੋਜੀਕਲ ਪਾਰਕ ਅਤੇ ਜਾਨਵਰਾਂ ਦੇ ਪ੍ਰਜਨਨ ਨਾਲ ਸਬੰਧਤ ਇਕ ਚੀਨੀ ਪ੍ਰਾਈਵੇਟ ਕੰਪਨੀ ਨੇ ਇਸ ਸਬੰਧ ਵਿਚ ਕੁਝ ਮਹੀਨੇ ਪਹਿਲਾਂ ਸ਼੍ਰੀਲੰਕਾ ਦੇ ਖੇਤੀਬਾੜੀ ਮੰਤਰਾਲੇ ਨੂੰ ਬੇਨਤੀ ਕੀਤੀ ਸੀ। ਸ਼੍ਰੀਲੰਕਾ, RARE ਸ਼੍ਰੀਲੰਕਾ, ਜਸਟਿਸ ਫਾਰ ਐਨੀਮਲਜ਼ ਅਤੇ ਹੋਰਾਂ ਨੇ ਅਪੀਲੀ ਅਦਾਲਤ ਵਿੱਚ ਖੇਤੀਬਾੜੀ ਮੰਤਰੀ ਮਹਿੰਦਾ ਅਮਰਵੀਰਾ ਦੇ ਬਿਆਨ ਦਾ ਹਵਾਲਾ ਦਿੱਤਾ ਕਿ ਸ਼੍ਰੀਲੰਕਾ ਤੋਂ ਚੀਨ ਨੂੰ ਟੋਕ ਮਕਾਕ ਬਾਂਦਰਾਂ ਨੂੰ ਨਿਰਯਾਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਪਟੀਸ਼ਨਕਰਤਾਵਾਂ ਨੇ ਅਪੀਲੀ ਅਦਾਲਤ ਨੂੰ ਦਖਲ ਦੇਣ ਅਤੇ ਸ੍ਰੀਲੰਕਾ ਤੋਂ ਚੀਨ ਨੂੰ ਟੋਕ ਮਕਾਕ ਬਾਂਦਰਾਂ ਦੇ ਪ੍ਰਸਤਾਵਿਤ ਨਿਰਯਾਤ ਨੂੰ ਰੋਕਣ ਲਈ ਆਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ। ਜਦੋਂ ਇਹ ਮਾਮਲਾ ਚੁੱਕਿਆ ਗਿਆ ਤਾਂ ਅਟਾਰਨੀ ਜਨਰਲ ਨੇ ਖੁੱਲ੍ਹੀ ਅਦਾਲਤ ਵਿੱਚ ਕਿਹਾ ਕਿ ਉਨ੍ਹਾਂ ਨੂੰ ਜੰਗਲੀ ਜੀਵ ਅਤੇ ਸੰਭਾਲ ਵਿਭਾਗ ਤੋਂ ਸੂਚਨਾ ਮਿਲੀ ਹੈ ਕਿ ਉਹ ਚੀਨ ਨੂੰ ਬਾਂਦਰਾਂ ਦੀ ਬਰਾਮਦ ਦੀ ਦਿਸ਼ਾ ਵਿੱਚ ਅੱਗੇ ਨਹੀਂ ਵਧਣਗੇ।

ਪੜ੍ਹੋ ਇਹ ਅਹਿਮ ਖ਼ਬਰ-'ਵੈਗਨਰ' ਮੁਖੀ ਪ੍ਰਿਗੋਜਿਨ ਅਤੇ ਉਸ ਦੇ ਲੜਾਕਿਆਂ ਨੂੰ ਰਾਹਤ, ਰੂਸੀ ਅਧਿਕਾਰੀਆਂ ਨੇ ਵਾਪਸ ਲਏ ਦੋਸ਼

ਸ਼੍ਰੀਲੰਕਾ ਦੇ ਖੇਤੀਬਾੜੀ ਮੰਤਰੀ ਮਹਿੰਦਾ ਅਮਰਾਵੀਰਾ ਨੇ 12 ਅਪ੍ਰੈਲ ਨੂੰ ਬੀਬੀਸੀ ਨੂੰ ਦੱਸਿਆ ਕਿ ਸ਼੍ਰੀਲੰਕਾ ਤੋਂ ਚੀਨ ਭੇਜੇ ਜਾ ਰਹੇ 1 ਲੱਖ ਬਾਂਦਰਾਂ ਦੇ ਮਾਮਲੇ ਦੀ ਘੋਖ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ। ਚੀਨ ਨੇ ਉੱਥੇ ਦੇ ਇੱਕ ਹਜ਼ਾਰ ਚਿੜੀਆਘਰਾਂ ਲਈ ਸ਼੍ਰੀਲੰਕਾ ਤੋਂ ਬਾਂਦਰਾਂ ਦੀ ਮੰਗ ਕੀਤੀ ਹੈ। ਆਰਥਿਕ ਸੰਕਟ 'ਚੋਂ ਨਿਕਲਣ ਅਤੇ ਅਰਥਚਾਰੇ ਨੂੰ ਲੀਹ 'ਤੇ ਲਿਆਉਣ ਲਈ ਬਾਂਦਰਾਂ ਨੂੰ ਬਰਾਮਦ ਕਰਨ ਦੀ ਤਿਆਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਾਂਦਰਾਂ ਦੀ ਮੰਗ ਨੂੰ ਲੈ ਕੇ ਚੀਨ ਨਾਲ ਤਿੰਨ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਗੱਲਬਾਤ ਅੰਤਿਮ ਪੜਾਅ 'ਤੇ ਹੈ। ਅਮਰਵੀਰਾ ਦਾ ਵਿਚਾਰ ਸੀ ਕਿ ਬਾਂਦਰਾਂ ਦੇ ਨਿਰਯਾਤ ਨਾਲ ਸ਼੍ਰੀਲੰਕਾ ਦੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਰੱਖਿਆ ਕਰਨ ਵਿੱਚ ਮਦਦ ਮਿਲੇਗੀ। ਖੇਤੀਬਾੜੀ ਮੰਤਰੀ ਨੇ ਦੱਸਿਆ ਸੀ ਕਿ ਸ਼੍ਰੀਲੰਕਾ ਵਿੱਚ ਬਾਂਦਰਾਂ ਅਤੇ ਗਿਲਹਰੀਆਂ ਕਾਰਨ ਦੇਸ਼ ਨੂੰ ਕਰੀਬ 10 ਕਰੋੜ ਨਾਰੀਅਲ ਦਾ ਨੁਕਸਾਨ ਹੁੰਦਾ ਹੈ। ਇਸ ਕਾਰਨ ਕਰੀਬ 157 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ।

ਅੰਤਰਰਾਸ਼ਟਰੀ ਲਾਲ ਸੂਚੀ ਵਿੱਚ ਹਨ ਇਹ ਬਾਂਦਰ 

ਇਸ ਦੇ ਨਾਲ ਹੀ ਵਾਤਾਵਰਣ ਪ੍ਰੇਮੀਆਂ ਨੇ ਕਿਹਾ ਕਿ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਬਾਂਦਰਾਂ ਦੀ ਗਿਣਤੀ ਹੋਣੀ ਚਾਹੀਦੀ ਹੈ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਚੀਨ ਬਾਂਦਰਾਂ ਨੂੰ ਕਿਉਂ ਲੈਣਾ ਚਾਹੁੰਦਾ ਹੈ, ਕੀ ਉਹ ਇਨ੍ਹਾਂ ਬਾਂਦਰਾਂ 'ਤੇ ਖੋਜ ਕਰਨਾ ਚਾਹੁੰਦੇ ਹਨ? ਕੀ ਉਹ ਇਨ੍ਹਾਂ ਨੂੰ ਖਾਣ ਦੇ ਮਕਸਦ ਨਾਲ ਤਾਂ ਨਹੀਂ ਖਰੀਦ ਰਹੇ ਹਨ? ਸ੍ਰੀਲੰਕਾ ਵਿੱਚ ਭਾਵੇਂ ਬਾਂਦਰ ਸੁਰੱਖਿਅਤ ਜਾਨਵਰਾਂ ਦੀ ਸੂਚੀ ਵਿੱਚ ਨਹੀਂ ਹਨ ਪਰ ਇਨ੍ਹਾਂ ਬਾਂਦਰਾਂ ਨੂੰ ਅੰਤਰਰਾਸ਼ਟਰੀ ਰੈੱਡ ਲਿਸਟ ਵਿੱਚ ਖ਼ਤਰੇ ਵਿੱਚ ਪੈ ਰਹੀਆਂ ਪ੍ਰਜਾਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News