ਸ਼੍ਰੀਲੰਕਾ ਦੀ ਨਵੀਂ ਸਰਕਾਰ ਵੱਲੋਂ ਕਈ ਹਾਈ-ਪ੍ਰੋਫਾਈਲ ਮਾਮਲਿਆਂ ਦੀ ਮੁੜ ਜਾਂਚ ਦੇ ਹੁਕਮ
Sunday, Oct 13, 2024 - 12:45 PM (IST)
ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੀ ਨਵੀਂ ਸਰਕਾਰ ਨੇ ਪੁਲਸ ਨੂੰ ਕੁਝ ਹਾਈ-ਪ੍ਰੋਫਾਈਲ ਮਾਮਲਿਆਂ ਦੀ ਮੁੜ ਜਾਂਚ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਵਿਚ 2019 ਦੇ 'ਈਸਟਰ ਸੰਡੇ' ਦਾ ਅੱਤਵਾਦੀ ਹਮਲਾ ਅਤੇ 2005 ਵਿੱਚ ਤਮਿਲ ਘੱਟ ਗਿਣਤੀ ਭਾਈਚਾਰੇ ਦੇ ਇੱਕ ਪੱਤਰਕਾਰ ਦੀ ਹੱਤਿਆ ਦਾ ਮਾਮਲਾ ਵੀ ਸ਼ਾਮਲ ਹੈ। ਸੱਤਾਧਾਰੀ ਨੈਸ਼ਨਲ ਪੀਪਲਜ਼ ਪਾਵਰ (ਐਨ.ਪੀ.ਪੀ), ਜਿਸ ਨੇ ਪਿਛਲੇ ਮਹੀਨੇ ਰਾਸ਼ਟਰਪਤੀ ਚੋਣ ਜਿੱਤੀ ਸੀ, ਨੇ ਪਿਛਲੇ ਮਾਮਲਿਆਂ ਦੀ ਮੁੜ ਜਾਂਚ ਕਰਨ ਦਾ ਵਾਅਦਾ ਕੀਤਾ ਹੈ ਜੋ ਹੱਲ ਨਹੀਂ ਹੋਏ ਸਨ।
ਜਨਤਕ ਸੁਰੱਖਿਆ ਮੰਤਰਾਲੇ ਨੇ ਇਹ ਫ਼ੈਸਲਾ ਇਸ ਲਈ ਲਿਆ ਹੈ ਤਾਂ ਜੋ ਜਾਂਚ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਦੀ ਪਛਾਣ ਕੀਤੀ ਜਾ ਸਕੇ। ਪੁਲਸ ਬੁਲਾਰੇ ਨਿਹਾਲ ਥਲਦੁਵਾ ਨੇ ਸ਼ਨੀਵਾਰ ਨੂੰ ਕਿਹਾ, "ਮੰਤਰਾਲੇ ਨੇ ਕਾਰਜਕਾਰੀ ਪੁਲਸ ਮੁਖੀ ਨੂੰ ਕਿਹਾ ਹੈ ਕਿ ਇਨ੍ਹਾਂ ਮਾਮਲਿਆਂ ਦੀ ਦੁਬਾਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ।" ਮੁੜ ਜਾਂਚ ਕੀਤੇ ਜਾਣ ਵਾਲੇ ਮਾਮਲਿਆਂ ਵਿੱਚ 2015 ਵਿੱਚ ਕੇਂਦਰੀ ਬੈਂਕ ਬਾਂਡ ਜਾਰੀ ਕਰਨ ਵਿੱਚ ਇੱਕ ਕਥਿਤ ਘੁਟਾਲਾ ਸ਼ਾਮਲ ਹੈ, ਜਿਸ ਲਈ ਸਾਬਕਾ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- 'ਭਾਰਤ-ਇਜ਼ਰਾਈਲ ਦੋਸਤੀ ਦੇ ਚੈਂਪੀਅਨ'; ਰਤਨ ਟਾਟਾ ਦੇ ਦਿਹਾਂਤ 'ਤੇ ਨੇਤਨਯਾਹੂ ਨੇ ਪ੍ਰਗਟਾਇਆ ਸੋਗ
ਇਸ ਤੋਂ ਇਲਾਵਾ 2019 'ਈਸਟਰ ਸੰਡੇ' ਅੱਤਵਾਦੀ ਹਮਲੇ ਦੀ ਵੀ ਜਾਂਚ ਕੀਤੀ ਜਾਣੀ ਹੈ, ਜਿਸ 'ਚ 11 ਭਾਰਤੀਆਂ ਸਮੇਤ 270 ਤੋਂ ਵੱਧ ਲੋਕ ਮਾਰੇ ਗਏ ਸਨ। ਅੱਤਵਾਦੀ ਹਮਲੇ ਦੀ ਗਵਾਹ ਕੈਥੋਲਿਕ ਚਰਚ ਇਸ ਮਾਮਲੇ 'ਚ ਸਖ਼ਤ ਕਾਰਵਾਈ ਦੀ ਮੰਗ ਕਰ ਰਹੀ ਹੈ। ਉਸ ਦਾ ਇਲਜ਼ਾਮ ਹੈ ਕਿ ਪਿਛਲੀਆਂ ਸਰਕਾਰਾਂ ਸਿਆਸਤ ਤੋਂ ਪ੍ਰੇਰਿਤ ਸਨ ਅਤੇ ਇਸ ਹਮਲੇ 'ਤੇ ਪਰਦਾ ਪਾਇਆ। ਜਾਂਚ ਕੀਤੇ ਜਾਣ ਵਾਲੇ ਹੋਰ ਮਾਮਲਿਆਂ ਵਿੱਚ 2005 ਵਿੱਚ ਤਮਿਲ ਘੱਟ-ਗਿਣਤੀ ਭਾਈਚਾਰੇ ਦੇ ਇੱਕ ਪੱਤਰਕਾਰ ਡੀ. ਸ਼ਿਵਰਾਮ ਦਾ ਕਤਲ ਅਤੇ 2006 ਵਿੱਚ ਇੱਕ ਤਮਿਲ ਘੱਟ ਗਿਣਤੀ ਅਕਾਦਮੀਸ਼ੀਅਨ ਦਾ ਅਗਵਾ ਅਤੇ ਲਾਪਤਾ ਹੋਣਾ ਸ਼ਾਮਲ ਹੈ ਜੋ ਉਸ ਸਮੇਂ ਈਸਟਰਨ ਯੂਨੀਵਰਸਿਟੀ ਦਾ ਮੁਖੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।