ਗੁਰਦੁਆਰਾ ਨਾਨਕਸਰ ਫਰਿਜ਼ਨੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ''ਤੇ ਵਿਸ਼ੇਸ਼ ਸਮਾਗਮ
Wednesday, Aug 31, 2022 - 03:06 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਸੱਚਖੰਡ ਵਾਸੀ ਧੰਨ-ਧੰਨ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਮਰਿਆਦਾ ਅਨੁਸਾਰ ਚਲਾਏ ਜਾ ਰਹੇ ਗੁਰਦੁਆਰਾ ਨਾਨਕਸਰ ਚੈਰੀ ਐਵੀਨਿਊ ਫਰਿਜ਼ਨੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਸਮਾਗਮ ਕੀਤੇ ਗਏ। ਇਸ ਸਮੇਂ ਲਗਾਤਾਰ ਚੱਲ ਰਹੇ ਅਖੰਡ ਪਾਠਾਂ ਦੀ ਲੜੀ ਦੌਰਾਨ ਇਸ ਵਿਸ਼ੇਸ਼ ਦਿਨ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਉਪਰੰਤ ਗੁਰੂਘਰ ਦੇ ਹਜ਼ੂਰੀ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ।
ਇਹ ਵੀ ਪੜ੍ਹੋ : ਦੂਜੀ ਪਤਨੀ ਦੀ ਪਟੀਸ਼ਨ 'ਤੇ MLA ਪਠਾਣਮਾਜਰਾ, ਭਾਣਜੇ ਤੇ DGP ਨੂੰ ਹਾਈ ਕੋਰਟ ਦਾ ਨੋਟਿਸ
ਇਸ ਉਪਰੰਤ ਪੰਜਾਬ ਤੋਂ ਆਏ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਨੇ ਕੀਰਤਨ ਕਰਦਿਆਂ ਸੰਖੇਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਣ ਤੋਂ ਲੈ ਕੇ ਪ੍ਰਕਾਸ਼ ਕਰਨ ਤੱਕ ਦਾ ਇਤਿਹਾਸ ਸਾਂਝਾ ਕਰਦਿਆਂ ਕੀਰਤਨ ਕੀਤਾ। ਅੰਤ ਗੁਰੂਘਰ ਦੀ ਸਟੇਜ ਤੋਂ ਬੋਲਦਿਆਂ ਭਾਈ ਹਰਭਜਨ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਆਰੰਭੇ ਕਾਰਜਾਂ ਵਿੱਚ ਨਵੀਂ ਇਮਾਰਤ ਦੀ ਉਸਾਰੀ ਬਾਰੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਬਹੁਤ ਜਲਦ ਗੁਰੂਘਰ ਦੀ ਇਮਾਰਤ ਦੀ ਉਸਾਰੀ ਪੂਰੀ ਹੋ ਜਾਵੇਗੀ। ਇਸ ਸਮੇਂ ਭਾਈ ਦਾਰਾ ਸਿੰਘ ਸਿੱਧੂ, ਗੁਰੂਘਰ ਦੇ ਸੇਵਾਦਾਰ ਹਰਮਿੰਦਰ ਸਿੰਘ ਅਤੇ ਹਾਜ਼ਰ ਸੰਗਤਾਂ ਨੇ ਵੀ ਇਸ ਵੱਡੇ ਉਪਰਾਲੇ ਦੀ ਸ਼ਲਾਘਾ ਕੀਤੀ। ਸਮੁੱਚੇ ਪ੍ਰੋਗਰਾਮ ਦੌਰਾਨ ਗੁਰੂ ਦੇ ਲੰਗਰ ਅਤੁੱਟ ਵਰਤੇ ਤੇ ਸੰਗਤਾਂ ਨੇ ਹਮੇਸ਼ਾ ਵਾਂਗ ਵੱਧ-ਚੜ੍ਹ ਕੇ ਹਾਜ਼ਰੀਆਂ ਭਰੀਆਂ। ਅੰਤ 'ਚ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸਮਾਗਮ ਯਾਦਗਾਰੀ ਹੋ ਨਿਬੜਿਆ।
ਇਹ ਵੀ ਪੜ੍ਹੋ : ਨਰੇਗਾ ਸਕੀਮ ਤਹਿਤ ਆਏ ਫੰਡਾਂ 'ਚ ਕਾਂਗਰਸ ਸਰਕਾਰ ਨੇ ਕੀਤਾ ਕਰੋੜਾਂ ਦਾ ਘਪਲਾ : ਸੁਖਬੀਰ ਬਾਦਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।