ਦੱਖਣੀ ਕੋਰੀਆ ਜਹਾਜ਼ ਹਾਦਸਾ: ਮੁਆਨ ਹਵਾਈ ਅੱਡੇ ''ਤੇ ਦੂਜੇ ਦਿਨ ਵੀ ਤਲਾਸ਼ੀ ਮੁਹਿੰਮ ਜਾਰੀ
Friday, Jan 03, 2025 - 02:21 PM (IST)
ਸਿਓਲ (ਏਜੰਸੀ)- ਦੱਖਣੀ ਕੋਰੀਆ ਦੀ ਪੁਲਸ ਨੇ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਹਾਜ਼ ਹਾਦਸੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਤਲਾਸ਼ੀ ਮੁਹਿੰਮ ਚਲਾਈ। ਯੋਨਹਾਪ ਨਿਊਜ਼ ਏਜੰਸੀ ਮੁਤਾਬਕ ਇਹ ਕਦਮ ਪੁਲਸ ਵੱਲੋਂ ਦੱਖਣੀ ਕੋਰੀਆ ਦੇ ਹਵਾਈ ਅੱਡੇ, ਜੇਜੂ ਏਅਰ ਦੇ ਸਿਓਲ ਦਫਤਰ ਅਤੇ ਬੁਸਾਨ ਖੇਤਰੀ ਹਵਾਬਾਜ਼ੀ ਦਫਤਰ ਦੇ ਮੁਆਨ ਦਫਤਰ 'ਤੇ ਵੀਰਵਾਰ ਨੂੰ ਕੀਤੀ ਗਈ ਕਾਰਵਾਈ ਤੋਂ ਇਕ ਦਿਨ ਬਾਅਦ ਚੁੱਕਿਆ ਗਿਆ।
ਰਿਪੋਰਟ ਮੁਤਾਬਕ ਜਹਾਜ਼ ਹਾਦਸੇ ਦੌਰਾਨ ਪਾਇਲਟ ਅਤੇ ਟਾਵਰ ਕੰਟਰੋਲ ਵਿਚਾਲੇ ਰਿਕਾਰਡ ਕੀਤੀ ਗੱਲਬਾਤ ਨਾਲ ਸਬੰਧਤ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਘਟਨਾ ਦਾ ਸਹੀ ਪਤਾ ਲਗਾਇਆ ਜਾ ਸਕੇ। ਇਸ ਹਾਦਸੇ ਵਿੱਚ 179 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਪੁਲਸ ਅਧਿਕਾਰੀ ਰਨਵੇਅ ਦੇ ਨੇੜੇ ਨਿਗਰਾਨੀ ਕੈਮਰੇ, ਜਹਾਜ਼ ਦੇ ਸੰਚਾਲਨ ਅਤੇ ਰੱਖ-ਰਖਾਅ ਦੇ ਰਿਕਾਰਡ ਨੂੰ ਵੀ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਮੁਆਨ ਏਅਰਪੋਰਟ ਲਈ ਉਡਾਣ ਭਰਨ ਵਾਲਾ ਜੇਜੂ ਏਅਰ ਦਾ ਜਹਾਜ਼ 7ਸੀ2216 ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ, ਜਿਸ 'ਚ ਸਵਾਰ 179 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਚਾਲਕ ਦਲ ਦੇ ਸਿਰਫ 2 ਮੈਂਬਰ ਹੀ ਬਚੇ ਸਨ।