ਦੱਖਣੀ ਕੋਰੀਆ ''ਚ ਇਕ ਦਿਨ ''ਚ ਕੋਵਿਡ-19 ਦੇ ਸਭ ਤੋਂ ਵੱਧ 5,123 ਨਵੇਂ ਮਾਮਲੇ ਆਏ ਸਾਹਮਣੇ

Wednesday, Dec 01, 2021 - 03:43 PM (IST)

ਦੱਖਣੀ ਕੋਰੀਆ ''ਚ ਇਕ ਦਿਨ ''ਚ ਕੋਵਿਡ-19 ਦੇ ਸਭ ਤੋਂ ਵੱਧ 5,123 ਨਵੇਂ ਮਾਮਲੇ ਆਏ ਸਾਹਮਣੇ

ਸਿਓਲ (ਵਾਰਤਾ)- ਦੱਖਣੀ ਕੋਰੀਆ ਵਿਚ ਕੋਵਿਡ-19 ਮਹਾਮਾਰੀ ਦੇ ਫੈਲਣ ਤੋਂ ਬਾਅਦ ਪਹਿਲੀ ਵਾਰ ਇਕ ਦਿਨ ਵਿਚ 5,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨਫੈਕਸ਼ਨ ਦੇ ਵਧਦੇ ਮਾਮਲਿਆਂ ਕਾਰਨ ਹਸਪਤਾਲਾਂ ਵਿਚ ਥਾਂ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ, ਨਾਲ ਹੀ ਸਿਹਤ ਮਾਹਿਰਾਂ ਨੇ ਸਮਾਜਿਕ ਦੂਰੀ ਬਣਾਏ ਰੱਖਣ ਵਰਗੇ ਸਖ਼ਤ ਨਿਯਮਾਂ ਨੂੰ ਮੁੜ ਤੋਂ ਲਾਗੂ ਕਰਨ ਦੀ ਅਪੀਲ ਕੀਤੀ ਹੈ।

ਗਲੋਬਲ ਮਹਾਮਾਰੀ ਤੋਂ ਪ੍ਰਭਾਵਿਤ ਅਰਥਚਾਰੇ ਨੂੰ ਬਹਾਲ ਕਰਨ ਲਈ ਪਿਛਲੇ ਮਹੀਨੇ ਇਨ੍ਹਾਂ ਨਿਯਮਾਂ ਵਿਚ ਢਿੱਲ ਦਿੱਤੀ ਗਈ ਸੀ। ਕੋਰੀਆ ਰੋਗ ਨਿਯੰਤਰਣ ਅਤੇ ਰੋਕਥਾਮ ਏਜੰਸੀ (ਕੇ.ਡੀ.ਸੀ.ਏ.) ਨੇ ਕਿਹਾ ਕਿ 5,123 ਨਵੇਂ ਮਾਮਲਿਆਂ ਵਿਚੋਂ ਜ਼ਿਆਦਾਤਰ ਰਾਜਧਾਨੀ ਸਿਓਲ ਅਤੇ ਉਸ ਦੇ ਆਸ-ਪਾਸ ਦੇ ਮਹਾਨਗਰ ਖੇਤਰ ਵਿਚੋਂ ਸਾਹਮਣੇ ਆਏ ਹਨ, ਜਿੱਥੇ ਪਹਿਲਾਂ ਹੀ ਅਧਿਕਾਰੀਆਂ ਨੇ ਕੋਵਿਡ-19 ਦੇ ਮਰੀਜ਼ਾਂ ਲਈ ਰਾਖਵੇਂ ਆਈ.ਸੀ.ਯੂ. (ਇੰਟੈਂਸਿਵ ਕੇਅਰ ਵਿਭਾਗ) ਦੇ 80 ਫ਼ੀਸਦੀ ਤੋਂ ਵੱਧ ਭਰੇ ਹੋਣ ਦੀ ਸੂਚਨਾ ਦਿੱਤੀ ਸੀ।

ਏਜੰਸੀ ਨੇ ਦੱਸਿਆ ਕਿ 720 ਤੋਂ ਵੱਧ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਲ ਹੀ 'ਚ ਇਨਫੈਕਸ਼ਨ ਕਾਰਨ ਰੋਜ਼ਾਨਾ 30 ਤੋਂ 50 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ 3,658 ਹੋ ਗਈ ਹੈ। ਕੇ.ਡੀ.ਸੀ.ਏ. ਨੇ ਦੱਸਿਆ ਕਿ ਸਿਹਤ ਕਰਮਚਾਰੀ ਨਾਈਜੀਰੀਆ ਤੋਂ ਆਏ ਇਕ ਜੋੜੇ ਦੇ ਜੈਨੇਟਿਕ ਸੀਕੁਏਂਸਿੰਗ ਟੈਸਟ ਕਰਵਾ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਕੋਰੋਨ ਵਾਇਰਸ ਦੇ ਨਵੇਂ ਵੇਰੀਐਂਟ 'ਓਮੀਕਰੋਨ' ਨਾਲ ਪੀੜਤ ਹੋਏ ਹਨ ਜਾਂ ਨਹੀਂ। ਦੇਸ਼ 'ਚ ਹੁਣ ਤੱਕ 'ਓਮੀਕਰੋਨ' ਦੇ ਕਿਸੇ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ, ਹਾਲਾਂਕਿ ਮਾਮਲਿਆਂ 'ਚ ਅਚਾਨਕ ਵਾਧੇ ਦੇ ਪਿੱਛੇ ਵਾਇਰਸ ਦੇ ਇਸ ਵੇਰੀਐਂਟ ਦੇ ਹੋਣ ਦੀ ਸੰਭਾਵਨਾ ਹੈ।


author

cherry

Content Editor

Related News