ਅਮਰੀਕਾ-ਮੈਕਸੀਕੋ ਸਰਹੱਦ ''ਤੇ ਭੇਜੇ ਜਾਣਗੇ 1500 ਫੌਜੀ, ਹਵਾਈ ਜਹਾਜ਼ ਤੇ ਹੈਲੀਕਾਪਟਰ
Thursday, Jan 23, 2025 - 10:24 AM (IST)
ਵਾਸ਼ਿੰਗਟਨ (ਰਾਜ ਗੋਗਨਾ)- ਸੰਯੁਕਤ ਰਾਜ ਦੇ ਦੱਖਣ ਵਿੱਚ ਮੈਕਸੀਕੋ ਦੀ ਸਰਹੱਦ 'ਤੇ 1,500 ਸੈਨਿਕ, ਜਹਾਜ਼ ਅਤੇ ਹੈਲੀਕਾਪਟਰ ਭੇਜੇ ਜਾ ਰਹੇ ਹਨ। ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇਹ ਕਦਮ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਚੁੱਕਿਆ ਹੈ। ਇਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਦੱਖਣੀ ਸਰਹੱਦ 'ਤੇ ਐਮਰਜੈਂਸੀ ਦਾ ਵੀ ਐਲਾਨ ਕਰ ਦਿੱਤਾ ਹੈ। ਸੰਯੁਕਤ ਰਾਜ ਦੀ ਫੌਜ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਯੂ.ਐਸ ਨਿਊਜ਼ ਮੀਡੀਆ ਸੀ.ਬੀਐਸ ਨੇ ਕਿਹਾ ਕਿ ਫੌਜ ਦੇ 1,000 ਅਤੇ ਮਰੀਨ ਕੋਰ ਦੇ 500 ਮੈਂਬਰਾਂ ਨੂੰ ਕੈਲੀਫੋਰਨੀਆ ਰਾਜ ਦੇ ਸੈਨ ਡਿਏਗੋ ਸ਼ਹਿਰ ਅਤੇ ਐਲ ਪਾਸੋ ਸ਼ਹਿਰ (ਟੈਕਸਾਸ) ਵਿੱਚ ਭੇਜਿਆ ਜਾਵੇਗਾ।
ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਦਾ ਦਾਇਰਾ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਦੋ ਸੀ-17 ਜਹਾਜ਼, ਦੋ ਸੀ-130 ਜਹਾਜ਼ ਅਤੇ ਫੌਜ ਦੇ ਹੈਲੀਕਾਪਟਰ ਮੈਕਸੀਕਨ ਸਰਹੱਦ 'ਤੇ ਭੇਜੇ ਜਾ ਰਹੇ ਹਨ। ਅਮਰੀਕਾ ਦੇ ਕਾਰਜਕਾਰੀ ਸਕੱਤਰ ਰਾਬਰਟ ਸੈਲੇਸ ਨੇ ਕਿਹਾ ਕਿ ਰੱਖਿਆ ਵਿਭਾਗ ਸੰਯੁਕਤ ਰਾਜ ਤੋਂ 5,000 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵਾਪਸੀ ਵਿੱਚ ਸਹਾਇਤਾ ਲਈ ਫੌਜੀ ਜਹਾਜ਼ ਪ੍ਰਦਾਨ ਕਰੇਗਾ। ਸੀ.ਐਨ.ਐਨ ਅਨੁਸਾਰ ਟਰੰਪ ਪ੍ਰਸ਼ਾਸਨ ਨੇ ਫੌਜ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸੰਯੁਕਤ ਰਾਜ ਦੀ ਸਰਹੱਦ 'ਤੇ ਵੱਧ ਤੋਂ ਵੱਧ 10,000 ਸੈਨਿਕਾਂ ਦੀ ਤਾਇਨਾਤੀ ਲਈ ਤਿਆਰ ਰਹਿਣ। ਦੇਸ਼ ਦੀ ਦੱਖਣੀ ਸਰਹੱਦ 'ਤੇ ਪਹਿਲਾਂ ਹੀ ਕਰੀਬ 2,200 ਦੇ ਕਰੀਬ ਫੌਜੀ ਤਾਇਨਾਤ ਹਨ। ਉਹ ਮੁੱਖ ਤੌਰ 'ਤੇ ਯੂ.ਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੀ ਸਹਾਇਤਾ ਕਰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਲਾਸ ਏਂਜਲਸ 'ਚ ਇਕ ਹੋਰ ਜੰਗਲ ਦੀ ਅੱਗ, ਸੜਿਆ 8 ਹਜ਼ਾਰ ਏਕੜ ਦਾ ਇਲਾਕਾ, 31 ਹਜ਼ਾਰ ਲੋਕਾਂ ਦਾ ਰੈਸਕਿਊ
ਅਹੁਦਾ ਸੰਭਾਲਣ ਤੋਂ ਥੋੜ੍ਹੀ ਦੇਰ ਬਾਅਦ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ਦੁਆਰਾ ਯੂ.ਐਸ-ਮੈਕਸੀਕੋ ਸਰਹੱਦ ਦੇ ਨਾਲ ਐਮਰਜੈਂਸੀ ਦੀ ਘੋਸ਼ਣਾ ਕੀਤੀ। ਉਸ ਹੁਕਮ ਨੇ ਉੱਥੇ ਫੌਜੀ ਤਾਇਨਾਤੀ ਦਾ ਰਾਹ ਪੱਧਰਾ ਕੀਤਾ। ਟਰੰਪ ਪਿਛਲੇ ਸਾਲ ਚੋਣ ਮੁਹਿੰਮ ਤੋਂ ਬਾਅਦ ਇਹ ਕਹਿ ਰਹੇ ਹਨ ਕਿ ਉਹ ਅਹੁਦਾ ਸੰਭਾਲਣ ਦੇ ਦਿਨ ਤੋਂ ਹੀ ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਸਖ਼ਤ ਕਦਮ ਚੁੱਕਣਗੇ। ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨ ਬੁੱਧਵਾਰ ਨੂੰ ਗੈਰ-ਕਾਨੂੰਨੀ ਇਮੀਗ੍ਰੇਸ਼ਨ 'ਤੇ ਇਕ ਕਾਰਜਕਾਰੀ ਆਦੇਸ਼ 'ਤੇ ਵੀ ਦਸਤਖ਼ਤ ਕੀਤੇ। ਰਾਇਟਰਜ਼ ਅਨੁਸਾਰ ਆਦੇਸ਼ ਗ੍ਰਹਿ ਮੰਤਰਾਲੇ, ਨਿਆਂ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੂੰ ਦੱਖਣੀ ਸਰਹੱਦ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਜਲਦੀ ਬਾਹਰ ਕੱਢਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨਾਲ ਬੁੱਧਵਾਰ ਨੂੰ ਇਸ ਆਦੇਸ਼ ਬਾਰੇ ਪੱਤਰਕਾਰਾਂ ਨੇ ਸੰਪਰਕ ਕੀਤਾ। ਇਸ ਦੇ ਜਵਾਬ 'ਚ ਲੇਵਿਟ ਨੇ ਕਿਹਾ ਕਿ ਟਰੰਪ ਦੇ ਨਵੇਂ ਕਾਰਜਕਾਰੀ ਆਦੇਸ਼ ਦੀ ਖਬਰ ਸੱਚ ਹੈ। ਉਸ ਨੇ ਦੱਖਣੀ ਸਰਹੱਦ 'ਤੇ 1500 ਵਾਧੂ ਸੈਨਿਕਾਂ ਨੂੰ ਭੇਜਣ ਦੀ ਖ਼ਬਰ ਦੀ ਵੀ ਪੁਸ਼ਟੀ ਕੀਤੀ ਹੈ।ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟਰੰਪ ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਨੂੰ ਤਰਜੀਹ ਦੇ ਰਹੇ ਹਨ। ਅਮਰੀਕਾ ਵਿੱਚ ਦਾਖਲ ਹੋਣ ਲਈ ਸਰਹੱਦ 'ਤੇ ਆਉਣ ਬਾਰੇ ਵਿਚਾਰ ਕਰਨ ਵਾਲਿਆਂ ਨੂੰ ਵੀ ਮੋੜਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ ਅਤੇ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਉਹਨਾਂ 'ਤੇ ਮੁਕੱਦਮਾ ਚਲਾਇਆ ਜਾਵੇਗਾ। ਉਸਨੇ ਪ੍ਰਵਾਸੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋ ਨੰਬਰ ਵਿਚ ਸੰਯੁਕਤ ਰਾਜ ਅਮਰੀਕਾ ਵਿ’ ਨਾ ਆਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।