ਜਹਾਜ਼ 'ਚੋਂ ਅਚਾਨਕ ਨਿਕਲਣ ਲੱਗਾ ਧੂੰਆਂ, ਇੰਝ ਬਚੇ ਯਾਤਰੀ (ਵੀਡੀਓ)

Wednesday, Jul 30, 2025 - 06:36 PM (IST)

ਜਹਾਜ਼ 'ਚੋਂ ਅਚਾਨਕ ਨਿਕਲਣ ਲੱਗਾ ਧੂੰਆਂ, ਇੰਝ ਬਚੇ ਯਾਤਰੀ (ਵੀਡੀਓ)

ਇੰਟਰਨੈਸ਼ਨਲ ਡੈਸਕ- ਤੁਰਕੀ ਦੇ ਦੱਖਣੀ ਸ਼ਹਿਰ ਅੰਤਾਲਿਆ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਵੱਡਾ ਜਹਾਜ਼ ਹਾਦਸਾ ਟਲ ਗਿਆ ਹੈ। ਜਾਣਕਾਰੀ ਮੁਤਾਬਕ ਲੈਂਡਿੰਗ ਗੀਅਰ ਵਿੱਚੋਂ ਜਦੋਂ ਧੂੰਆਂ ਨਿਕਲਣ ਲੱਗਾ ਤਾਂ ਤੁਰਕੀ ਏਅਰਲਾਈਨਜ਼ ਦੀ ਬੋਇੰਗ 777 ਉਡਾਣ ਦੀਆਂ ਐਮਰਜੈਂਸੀ ਸਲਾਈਡਾਂ ਖੋਲ੍ਹ ਕੇ ਯਾਤਰੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਰਾਹਤ ਦੀ ਗੱਲ ਇਹ ਹੈ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਜਹਾਜ਼ ਇਸਤਾਂਬੁਲ ਤੋਂ ਅੰਤਾਲਿਆ ਪਹੁੰਚਿਆ ਸੀ ਅਤੇ ਰਨਵੇਅ 'ਤੇ ਲੈਂਡਿੰਗ ਸਮੇਂ ਜਹਾਜ਼ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਹਵਾਈ ਆਵਾਜਾਈ ਕੰਟਰੋਲਰ ਨੇ ਤੁਰੰਤ ਇਸ ਬਾਰੇ ਪਾਇਲਟ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਐਮਰਜੈਂਸੀ ਪ੍ਰਕਿਰਿਆਵਾਂ ਨੂੰ ਸਰਗਰਮ ਕਰ ਦਿੱਤਾ ਗਿਆ। ਤੁਰਕੀ ਏਅਰਲਾਈਨਜ਼ ਦੇ ਬੁਲਾਰੇ ਯਾਹੀਆ ਉਸਤੁਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ ਕਿ ਹਵਾਈ ਅੱਡੇ ਦੀ ਐਮਰਜੈਂਸੀ ਟੀਮ ਨੇ ਸੁਰੱਖਿਆ ਲਈ ਯਾਤਰੀਆਂ ਨੂੰ ਜਹਾਜ਼ ਵਿੱਚੋਂ ਤੁਰੰਤ ਕੱਢਣ ਦਾ ਸੁਝਾਅ ਦਿੱਤਾ, ਜਿਸ ਨੂੰ ਪਾਇਲਟ ਨੇ ਤੁਰੰਤ ਲਾਗੂ ਕਰ ਦਿੱਤਾ।

ਜਹਾਜ਼ ਹਾਦਸੇ ਦਾ ਕਾਰਨ

ਜਹਾਜ਼ ਵਿੱਚ ਕਿੰਨੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮੌਜੂਦ ਸਨ, ਇਸ ਬਾਰੇ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ ਗਈ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਾਈਡ੍ਰੌਲਿਕ ਪਾਈਪ ਵਿੱਚ ਨੁਕਸ ਕਾਰਨ ਲੈਂਡਿੰਗ ਗੀਅਰ ਵਿੱਚੋਂ ਧੂੰਆਂ ਨਿਕਲਿਆ ਸੀ। ਤੁਰਕੀ ਦੇ ਜਨਰਲ ਡਾਇਰੈਕਟੋਰੇਟ ਆਫ ਸਟੇਟ ਏਅਰਪੋਰਟ ਅਥਾਰਟੀ ਦੇ ਮੁਖੀ ਐਨੇਸ ਚੱਕਮਾਕ ਨੇ ਵੀ ਇੱਕ ਪੋਸਟ ਵਿੱਚ ਪੁਸ਼ਟੀ ਕੀਤੀ ਕਿ ਧੂੰਆਂ ਦਿਖਾਈ ਦੇਣ ਤੋਂ ਤੁਰੰਤ ਬਾਅਦ ARFF ਯਾਨੀ ਕਿ ਏਅਰਕ੍ਰਾਫਟ ਰੈਸਕਿਊ ਅਤੇ ਫਾਇਰ ਫਾਈਟਿੰਗ ਯੂਨਿਟਾਂ ਨੂੰ ਸੁਚੇਤ ਕਰ ਦਿੱਤਾ ਗਿਆ ਅਤੇ ਉਹ ਤੁਰੰਤ ਮੌਕੇ 'ਤੇ ਪਹੁੰਚ ਗਏ।

ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ

 

ਚਕਮਾਕ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿੱਚ ਐਮਰਜੈਂਸੀ ਟੀਮਾਂ ਜਹਾਜ਼ ਦੇ ਲੈਂਡਿੰਗ ਗੀਅਰ 'ਤੇ ਪਾਣੀ ਪਾਉਂਦੀਆਂ ਦਿਖਾਈ ਦੇ ਰਹੀਆਂ ਹਨ। ਹੋਰ ਤਸਵੀਰਾਂ ਵਿੱਚ ਐਮਰਜੈਂਸੀ ਸਲਾਈਡਾਂ ਤਾਇਨਾਤ ਦਿਖਾਈਆਂ ਗਈਆਂ ਹਨ ਅਤੇ ਇੱਕ ਹੋਰ ਵੀਡੀਓ ਵਿੱਚ ਨਿਰੀਖਣ ਤੋਂ ਬਾਅਦ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਖਿੱਚਿਆ ਜਾ ਰਿਹਾ ਦਿਖਾਇਆ ਗਿਆ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਕੁਝ ਦਿਨ ਪਹਿਲਾਂ ਇੱਕ ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਵਿੱਚ ਵੀ ਲੈਂਡਿੰਗ ਗੀਅਰ ਵਿੱਚ ਖਰਾਬੀ ਕਾਰਨ ਅੱਗ ਲੱਗ ਗਈ ਸੀ। ਅਜਿਹੀਆਂ ਲਗਾਤਾਰ ਘਟਨਾਵਾਂ ਜਹਾਜ਼ ਦੀ ਸੁਰੱਖਿਆ ਬਾਰੇ ਚਿੰਤਾਵਾਂ ਪੈਦਾ ਕਰ ਰਹੀਆਂ ਹਨ। ਇਸ ਸਮੇਂ ਬੋਇੰਗ 777 ਦੀ ਤਕਨੀਕੀ ਜਾਂਚ ਚੱਲ ਰਹੀ ਹੈ ਤਾਂ ਜੋ ਖਰਾਬੀ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News