ਮਹਿੰਦੀ ਵਾਲੇ ਹੱਥਾਂ ''ਚ ਮ੍ਰਿਤਕ ਭਰਾ ਦਾ ਹੱਥ ਫੜ ਕੇ ਰੋਈਆਂ ਭੈਣਾਂ, ਵਿਆਹ ਤੋਂ ਪਲਾਂ ਬਾਅਦ ਉੱਜੜੀਆਂ ਖੁਸ਼ੀਆਂ (ਤਸਵੀਰਾ

04/30/2016 3:28:19 PM

ਮਾਨਚੈਸਟਰ— ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਿਸੇ ਦਾ ਵੀ ਰੋਣਾ ਨਿਕਲ ਸਕਦਾ ਹੈ, ਜਿਨ੍ਹਾਂ ਵਿਚ ਕੁਝ ਘੰਟੇ ਪਹਿਲਾਂ ਹੀ ਵਿਆਹੀ ਗਈ ਭੈਣ ਆਪਣੇ ਮ੍ਰਿਤਕ ਭਰਾ ਦਾ ਹੱਥ ਫੜ ਕੇ ਉਸ ਦੇ ਜ਼ਿੰਦਾ ਹੋਣ ਦੀ ਆਸ ਕਰ ਰਹੀ ਹੈ। ਇਹ ਰੂਹ ਨੂੰ ਝੰਜੋੜਦੀ ਘਟਨਾ ਇੰਗਲੈਂਡ ਦੀ ਹੈ। ਬੁੱਧਵਾਰ ਨੂੰ ਆਪਣੀ ਭੈਣ ਦੇ ਵਿਆਹ ਦੀਆਂ ਖੁਸ਼ੀਆਂ ਮਨਾ ਕੇ ਪਰਤ ਰਿਹਾ 21 ਸਾਲਾ ਮੁਨੀਬ ਅਫਜ਼ਲ ਕਰੀਮ ਮਾਨਚੈਸਟਰ ਵਿਖੇ ਵਿਲਬ੍ਰਾਹਮ ਰੋਡ ''ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਆਪਣੇ ਆਖਰੀ ਪਲਾਂ ਵਿਚ ਉਹ ਜ਼ਿੰਦਗੀ ਲਈ ਬਹਾਦਰੀ ਨਾਲ ਲੜਦਾ ਰਿਹਾ ਤੇ ਉਸ ਦੀ ਇਸ ਲੜਾਈ ਵਿਚ ਉਸ ਦੀ ਨਵੀਂ ਵਿਆਹੀ ਭੈਣ ਪਲ-ਪਲ ਉਸ ਦੇ ਨਾਲ ਰਹੀ। ਵੀਰਵਾਰ ਨੂੰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮੁਨੀਬ ਦੀ ਮੌਤ ਹੋ ਗਈ ਅਤੇ ਉਸ ਦੀ ਭੈਣ ਦੇ ਵਿਆਹ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ।  
ਡਾਕਟਰਾਂ ਜਦੋਂ ਮੁਨੀਬ ਦੀ ਮੌਤ ਬਾਰੇ ਦੱਸਦੇ ਹੋਏ ਉਸ ਦੀ ਲਾਈਫ ਸਪੋਰਟਿੰਗ ਮਸ਼ੀਨ ਨੂੰ ਹਟਾ ਰਹੇ ਸਨ ਤਾਂ ਉਸ ਦੀਆਂ ਦੋਵੇਂ ਭੈਣਾ ਮਾਰੀਆ ਅਤੇ ਮਦੀਹਾ ਉਸ ਦਾ ਹੱਥ ਫੜ ਕੇ ਬੈਠੀਆਂ ਰਹੀਆਂ। ਉਨ੍ਹਾਂ ਦੇ ਆਪਣੇ ਭਰਾ ਨਾਲ ਆਖਰੀ ਮੁਲਾਕਾਤ ਦੀਆਂ ਇਨ੍ਹਾਂ ਤਸਵੀਰਾਂ ਨੂੰ ਜਿਸ ਨੇ ਵੀ ਦੇਖਿਆ, ਉਸ ਦੀਆਂ ਹੀ ਧਾਹਾਂ ਨਿਕਲ ਗਈਆਂ। ਮੁਨੀਦ ਤੇ ਮਾਰੀਆ ਦੀ ਛੋਟੀ ਭੈਣ 20 ਸਾਲਾ ਮਦੀਹਾ ਨੇ ਆਪਣੇ ਭਰਾ ਨੂੰ ਯਾਦ ਕਰਦੇ ਹੋਏ ਕਿਹਾ ਕਿ ''ਉਹ ਮੇਰਾ ਸਭ ਤੋਂ ਵਧੀਆ ਦੋਸਤ ਸੀ। ਮੈਨੂੰ ਸੰਤੁਸ਼ਟੀ ਹੈ ਕਿ ਮੈਂ ਆਖਰੀ ਪਲਾਂ ਵਿਚ ਉਸ ਦੇ ਨਾਲ ਸੀ ਅਤੇ ਉਸ ਦੀ ਛਾਤੀ ''ਤੇ ਸਿਰ ਰੱਖ ਕੇ ਉਸ ਦੇ ਸਾਹਾਂ ਨੂੰ ਮਹਿਸੂਸ ਕਰ ਸਕੀ।'' ਮਦੀਹਾ ਨੇ ਕਿਹਾ ਕਿ ਮੁਨੀਬ ਦਾ ਦਿਲ ਸੋਨੇ ਦਾ ਸੀ। ਉਹ ਹਮੇਸ਼ਾ ਸਾਰਿਆਂ ਨੂੰ ਹਸਾਉਂਦਾ ਸੀ। ਮੈਂ ਉਸ ਦੇ ਹਾਸਿਆਂ ਨੂੰ ਯਾਦ ਰੱਖਣਾ ਚਾਹੁੰਦੀ ਹਾਂ। ਇਸ ਹਾਦਸੇ ਵਿਚ ਮੁਨੀਬ ਦੇ ਦੋ ਦੋਸਤਾਂ ਬੁਰਨਾਗੇ ਦੇ 24 ਸਾਲਾ ਹਮਜ਼ਾ ਜੈਕਬ ਅਤੇ 20 ਸਾਲਾ ਹਮਜ਼ਾ ਗੁੱਜਰ ਦੀ ਵੀ ਮੌਤ ਹੋ ਗਈ।

Kulvinder Mahi

News Editor

Related News