ਮੈਲਬੋਰਨ ''ਚ ਗੁਰਦਾਸ ਮਾਨ ਨੇ ਬੰਨ੍ਹਿਆ ਰੰਗ, ਸ਼ੋਅ ''ਚ ਹੋਇਆ ਰਿਕਾਰਡਤੋੜ ਇਕੱਠ
Monday, Aug 18, 2025 - 04:29 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਕ੍ਰੀਏਟਿਵ ਈਵੈਂਟਸ, ਸ਼ਿੰਕੂ ਨਾਭਾ, ਬਲਵਿੰਦਰ ਲਾਲੀ ਅਤੇ ਸਹਿਯੋਗੀਆਂ ਵੱਲੋਂ ਬੀਤੇ ਐਤਵਾਰ ਪ੍ਰਸਿੱਧ ਗਾਇਕ ਗੁਰਦਾਸ ਮਾਨ ਦਾ ਸ਼ੋਅ ਮੈਲਬੋਰਨ ਸ਼ਹਿਰ ਦੇ ਮਾਰਗਰੇਟ ਕੋਰਟ ਅਰੇਨਾ ਵਿੱਚ ਕਰਵਾਇਆ ਗਿਆ। ਮਿੱਥੇ ਸਮੇਂ ਤੋਂ ਥੋੜ੍ਹੀ ਦੇਰ ਬਾਅਦ ਸ਼ੁਰੂ ਹੋਏ ਇਸ ਸ਼ੋਅ ਵਿੱਚ ਜਦੋਂ ਮਹਿਬੂਬ ਗਾਇਕ ਗੁਰਦਾਸ ਮਾਨ ਮੰਚ `ਤੇ ਆਏ ਤਾਂ ਸਾਰਾ ਹਾਲ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ।
ਗੁਰਦਾਸ ਮਾਨ ਨੇ ਡੱਫਲੀ ਫੜ ਕੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਿਆਂ `ਮੇਰੀ ਰੱਖਿਓ ਲਾਜ ਗੁਰੂਦੇਵ` ਨਾਲ ਸ਼ੋਅ ਦਾ ਆਗਾਜ਼ ਕੀਤਾ। ਉਪਰੰਤ ਆਪਣੇ ਪ੍ਰਸਿੱਧ ਗੀਤ `ਆਪਣਾ ਪੰਜਾਬ ਹੋਵੇ`, `ਯਾਰ ਪੰਜਾਬੀ`, `ਛੱਲਾ`, `ਇੰਝ ਨਹੀਂ ਕਰੀਦੇ, `ਕੀ ਬਣੂ ਦੁਨੀਆਂ ਦਾ`, 'ਮਾਮਲਾ ਗੜਬੜ ਹੈ' ਸਣੇ ਕਈ ਗੀਤ ਗਾ ਕੇ ਆਪਣੀ ਪੁਖਤਾ ਗਾਇਕੀ ਦਾ ਲੋਹਾ ਮੰਨਵਾਇਆ।
ਪ੍ਰੋਗਰਾਮ ਦੇ ਅੰਤ ਵਿੱਚ ਗੁਰਦਾਸ ਮਾਨ ਵੱਲੋਂ `ਬੋਲੀਆਂ` ਦੀ ਪੇਸ਼ਕਾਰੀ ਕੀਤੀ ਗਈ। ਮਾਨ ਸਾਬ੍ਹ ਦੇ ਗੀਤਾਂ ਨੇ ਦਰਸ਼ਕਾਂ ਨੂੰ ਮਸਤੀ 'ਚ ਥਿਰਕਣ 'ਤੇ ਮਜਬੂਰ ਹੋ ਗਏ। ਜ਼ਿਕਰਯੋਗ ਹੈ ਕਿ ਦੋ ਸਾਲ ਦੇ ਵਕਫੇ ਬਾਅਦ ਮੈਲਬੋਰਨ ਵਿੱਚ ਪੇਸ਼ਕਾਰੀ ਕਰ ਰਹੇ ਸਦਾਬਹਾਰ ਗਾਇਕ ਗੁਰਦਾਨ ਮਾਨ ਨੂੰ ਸੁਣਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਦਾ ਰਿਕਾਰਡਤੋੜ ਇਕੱਠ ਹੋਇਆ।
ਇਸ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰਾਂ, ਬੱਚਿਆਂ ਅਤੇ ਬਜ਼ੁਰਗਾਂ ਨੇ ਸ਼ਾਮਲ ਹੋ ਕੇ ਇਹ ਸਾਬਿਤ ਕਰ ਦਿੱਤਾ ਕਿ ਲੋਕ ਅੱਜ ਵੀ ਸਾਫ-ਸੁਥਰੀ ਤੇ ਮਿਆਰੀ ਗਾਇਕੀ ਨੂੰ ਪਸੰਦ ਕਰਦੇ ਹਨ। ਇਸ ਮੌਕੇ ਗਿੱਧਾ-ਭੰਗੜਾ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਵੀ ਸ਼ਲਾਘਾਯੋਗ ਰਹੀ।
ਇਸ ਮੌਕੇ ਆਸਟ੍ਰੇਲੀਆ-ਨਿਊਜ਼ੀਲੈਂਡ ਦੌਰੇ ਦੇ ਕੌਮੀ ਪ੍ਰਮੋਟਰ ਮਨਮੋਹਨ ਸਿੰਘ, ਸ਼ਿੰਕੂ ਨਾਭਾ ਅਤੇ ਬਲਵਿੰਦਰ ਲਾਲੀ ਨੇ ਦਰਸ਼ਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਲੋਕਾਂ ਦਾ ਗੁਰਦਾਸ ਮਾਨ ਸਾਬ੍ਹ ਪ੍ਰਤੀ ਪਿਆਰ ਹੀ ਹੈ ਕਿ ਉਨਾਂ ਦੇ ਸ਼ੋਅ ਅੱਜ ਵੀ ਸੋਲਡ ਆਊਟ ਜਾ ਰਹੇ ਹਨ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ, ਦਰਸ਼ਕਾਂ, ਮੇਲਾ ਸਹਿਯੋਗੀਆਂ ਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਣ ਦੀ ਜ਼ਿੰਮੇਵਾਰੀ ਦਲਜੀਤ ਸਿੱਧੂ ਅਤੇ ਈਸ਼ਾ ਕੈਲਾ ਵੱਲੋਂ ਬਾਖੂਬੀ ਨਿਭਾਈ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e