ਸਿੰਗਾਪੁਰ ਦੇ ਰਾਸ਼ਟਰਪਤੀ, ਸੰਸਦ ਸਪੀਕਰ ਅਤੇ ਮੰਤਰੀ ਕੋਰੋਨਾ ਵਾਇਰਸ ਨਾਲ ਪੀੜਤ
Tuesday, Jul 05, 2022 - 12:57 PM (IST)
ਸਿੰਗਾਪੁਰ (ਭਾਸ਼ਾ): ਸਿੰਗਾਪੁਰ ਦੀ ਰਾਸ਼ਟਰਪਤੀ ਹਲੀਮਾ ਯਾਕੂਬ, ਸੰਸਦ ਦੇ ਸਪੀਕਰ ਟੈਨ ਚੁਆਨ-ਜਿਨ ਅਤੇ ਮੰਤਰੀ ਐਡਵਿਨ ਟੋਂਗ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। 67 ਸਾਲਾ ਹਲੀਮਾ ਨੇ ਸੋਮਵਾਰ ਨੂੰ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਹਲਕੇ ਫਲੂ ਵਰਗੇ ਲੱਛਣ ਹਨ। ਜਾਂਚ ਵਿੱਚ ਕੋਵਿਡ-19 ਦੀ ਪੁਸ਼ਟੀ ਹੋਈ ਹੈ। ਸ਼ੁਕਰ ਹੈ, ਮੈਂ ਵੈਕਸੀਨ ਦੀਆਂ ਸਾਰੀਆਂ ਖੁਰਾਕਾਂ ਅਤੇ ਬੂਸਟਰ ਖੁਰਾਕਾਂ ਲੈ ਲਈਆਂ ਸਨ। ਮੈਨੂੰ ਜਲਦੀ ਠੀਕ ਹੋਣ ਦੀ ਉਮੀਦ ਹੈ ਅਤੇ ਮੈਨੂੰ ਅਫਸੋਸ ਹੈ ਕਿ ਮੈਂ ਇਸ ਹਫ਼ਤੇ ਹੋਣ ਵਾਲੇ ਸਮਾਗਮਾਂ ਵਿਚ ਸ਼ਾਮਲ ਨਹੀਂ ਹੋ ਸਕਾਂਗੀ।''
'ਦਿ ਸਟ੍ਰੇਟ ਟਾਈਮਜ਼' ਦੀ ਖ਼ਬਰ ਮੁਤਾਬਕ 53 ਸਾਲਾ ਟੈਨ ਨੇ ਸੋਮਵਾਰ ਨੂੰ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਦੀ ਜਾਂਚ ਵਿਚ ਵੀ ਕੋਵਿਡ -19ਦੀ ਪੁਸ਼ਟੀ ਹੋਈ ਹੈ। ਟੈਨ ਨੇ ਸੋਮਵਾਰ ਦੀ ਸੰਸਦੀ ਬੈਠਕ ਤੋਂ ਪਹਿਲਾਂ ਐਂਟੀਜੇਨ ਰੈਪਿਡ ਟੈਸਟ ਕੀਤਾ ਸੀ ਅਤੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ। ਇਸ ਦਾ ਮਤਲਬ ਹੈ ਕਿ ਉਹ ਮੌਜੂਦਾ ਸੰਸਦ ਦੀਆਂ ਬੈਠਕਾਂ 'ਚ ਸ਼ਾਮਲ ਨਹੀਂ ਹੋ ਸਕਣਗੇ। ਸੰਸਦ ਦੇ ਸਪੀਕਰ ਟੈਨ ਨੇ ਆਪਣੀ ਪੋਸਟ 'ਚ ਲਿਖਿਆ ਕਿ ਉਮੀਦ ਹੈ ਕਿ ਲੱਛਣ ਹਲਕੇ ਹੋਣਗੇ। ਸੁਚੇਤ ਰਹਿਣਾ ਜਾਰੀ ਰੱਖੋ। ਟੀਕਾਕਰਨ ਲਾਭ ਪ੍ਰਦਾਨ ਕਰਦਾ ਹੈ, ਇਸ ਲਈ ਜਦੋਂ ਵੀ ਤੁਹਾਡੀ ਵਾਰੀ ਹੋਵੇ ਤਾਂ ਵੈਕਸੀਨ ਦੀ ਖੁਰਾਕ ਲਓ ਅਤੇ ਬੂਸਟਰ ਖੁਰਾਕ ਵੀ ਲਓ।
ਪੜ੍ਹੋ ਇਹ ਅਹਿਮ ਖ਼ਬਰ- ਇਟਲੀ 'ਚ ਹਾਲਾਤ ਗੰਭੀਰ, ਸਰਕਾਰ ਨੇ ਸੋਕੇ ਦੀ ਐਮਰਜੈਂਸੀ ਕੀਤੀ ਘੋਸ਼ਿਤ
ਸੋਮਵਾਰ ਨੂੰ ਸੰਸਦ ਸੈਸ਼ਨ ਵਿਚ ਇਹ ਵੀ ਖੁਲਾਸਾ ਹੋਇਆ ਕਿ ਸੰਸਕ੍ਰਿਤੀ, ਭਾਈਚਾਰਾ ਅਤੇ ਨੌਜਵਾਨ ਮਾਮਲਿਆਂ ਦੇ ਮੰਤਰੀ ਟੋਂਗ (52) ਵੀ ਕੋਵਿਡ-19 ਨਾਲ ਪੀੜਤ ਹਨ। ਪਿਛਲੇ 28 ਦਿਨਾਂ ਵਿੱਚ ਸਿੰਗਾਪੁਰ ਵਿੱਚ ਕੋਵਿਡ-19 ਦੇ 140,965 ਮਾਮਲੇ ਸਾਹਮਣੇ ਆਏ ਹਨ। 2019 ਤੋਂ ਮਹਾਮਾਰੀ ਦੇ ਪ੍ਰਕੋਪ ਨੇ ਦੇਸ਼ ਵਿੱਚ ਹੁਣ ਤੱਕ 1,473,180 ਲੋਕਾਂ ਨੂੰ ਸੰਕਰਮਿਤ ਕੀਤਾ ਹੈ ਅਤੇ ਸੰਕਰਮਣ ਕਾਰਨ 1,419 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।