ਸਿੰਗਾਪੁਰ ''ਚ ਸਾਈਬਰ ਹਮਲੇ ਦੇ ਪਿੱਛੇ ਸਰਕਾਰ ਨਾਲ ਜੁੜੇ ਤੱਤਾਂ ਦਾ ਹੱਥ : ਮਾਹਰ
Saturday, Jul 21, 2018 - 05:26 PM (IST)

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਵਿਚ ਹੋਏ ਹੁਣ ਤਕ ਦੇ ਸਭ ਤੋਂ ਵੱਡੇ ਸਾਈਬਰ ਹਮਲੇ ਬਾਰੇ ਸੁਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਸਰਕਾਰ ਨਾਲ ਜੁੜੇ ਤੱਤਾਂ ਦਾ ਹੱਥ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨੇ ਵੱਡੇ ਪੈਮਾਨੇ ਅਤੇ ਜਿੰਨੀ ਸਫਾਈ ਨਾਲ ਸਾਈਬਰ ਹਮਲਾ ਕੀਤਾ ਗਿਆ, ਉਸ ਤੋਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਇਸ ਵਿਚ ਸਰਕਾਰ ਨਾਲ ਜੁੜੇ ਤੱਤਾਂ ਦਾ ਹੱਥ ਹੈ। ਸਿੰਗਾਪੁਰ ਸਰਕਾਰ ਨੇ ਕੱਲ ਭਾਵ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਹੈਕਰਾਂ ਨੇ ਸਰਕਾਰੀ ਡਾਬਾਬੇਸ 'ਚ ਸੇਂਧ ਮਾਰੀ ਕੀਤੀ ਅਤੇ ਪ੍ਰਧਾਨ ਮੰਤਰੀ ਲੀ ਸਿਅਨ ਲੂੰਗ ਸਮੇਤ 15 ਲੱਖ ਸਿੰਗਾਪੁਰੀ ਵਾਸੀਆਂ ਦਾ ਸਿਹਤ ਨਾਲ ਜੁੜਿਆ ਰਿਕਾਰਡ ਚੋਰੀ ਕਰ ਲਿਆ। ਇਸ ਅਸਿੱਧੇ ਹਮਲੇ ਵਿਚ ਪ੍ਰਧਾਨ ਮੰਤਰੀ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ।
ਓਧਰ ਸਿੰਗਾਪੁਰ ਦੇ ਸਿਹਤ ਮੰਤਰੀ ਨੇ ਕਿਹਾ ਕਿ ਇਹ ਸੋਚਿਆ ਸਮਝਿਆ, ਪਹਿਲਾਂ ਤੋਂ ਯੋਜਨਾਬੱਧ ਸਾਈਬਰ ਹਮਲਾ ਸੀ ਅਤੇ ਇਹ ਅਪਰਾਧਕ ਗਿਰੋਹ ਦਾ ਕੰਮ ਨਹੀਂ ਲੱਗਦਾ। ਅਧਿਕਾਰੀਆਂ ਨੇ ਆਪਰੇਸ਼ਨਲ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਹੈਕਰਾਂ ਦੀ ਪਛਾਣ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਮਾਹਰਾਂ ਨੇ ਕਿਹਾ ਕਿ ਹਮਲੇ 'ਚ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਵਰਗੇ ਕਈ ਹਾਈ-ਪ੍ਰੋਫਾਈਲ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਹ ਸਰਕਾਰ ਨਾਲ ਜੁੜੇ ਤੱਤਾਂ ਵੱਲ ਇਸ਼ਾਰਾ ਕਰਦੇ ਹਨ। ਸਾਈਬਰ ਸੁਰੱਖਿਆ ਫਰਮ 'ਫਾਇਰ ਆਈ' ਦੇ ਏਸ਼ੀਆ ਪੈਸੀਫਿਕ ਪ੍ਰਧਾਨ ਐਰਿਕ ਹੋਹ ਨੇ ਕਿਹਾ ਕਿ ਸਿਹਤ ਨਾਲ ਜੁੜੇ ਅੰਕੜੇ ਸਾਈਬਰ ਹਮਲੇ ਖਾਸ ਤੌਰ 'ਤੇ ਨਿਸ਼ਾਨਾ ਰਹੇ ਹਨ, ਕਿਉਂਕਿ ਇਨ੍ਹਾਂ ਦੀ ਵਰਤੋਂ ਸੱਤਾ ਵਿਚ ਬੈਠੇ ਲੋਕਾਂ ਨੂੰ ਬਲੈਕਮੇਲ ਕਰਨ ਵਿਚ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਗੈਰ ਜਨਤਕ ਸਿਹਤ ਸੂਚਨਾ ਦਾ ਇਸਤੇਮਾਲ ਜ਼ਬਰਨ ਵਸੂਲੀ ਲਈ ਕੀਤਾ ਜਾ ਸਕਦਾ ਹੈ। ਰੂਸੀ ਜਾਸੂਸੀ ਸੇਵਾਵਾਂ ਦਾ ਅਜਿਹਾ ਕਰਨ ਦਾ ਲੰਬਾ ਇਤਿਹਾਸ ਰਿਹਾ ਹੈ।