ਸਿੰਗਾਪੁਰ: ਰਿਸ਼ਵਤ ਲੈਣ ਦੇ ਦੋਸ਼ ''ਚ 2 ਭਾਰਤੀ ਕਾਮਿਆਂ ਨੂੰ ਲਾਇਆ ਗਿਆ ਜੁਰਮਾਨਾ
Friday, Jan 27, 2023 - 05:05 PM (IST)
ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੀ ਇੱਕ ਸਥਾਨਕ ਅਦਾਲਤ ਨੇ 2020 ਵਿੱਚ ਇੱਕ ਫੂਡ ਡਿਲੀਵਰੀ ਕੰਪਨੀ ਵਿੱਚ ਕੰਮ ਕਰਨ ਦੌਰਾਨ ਰਿਸ਼ਵਤ ਲੈਣ ਦੇ ਦੋਸ਼ ਵਿੱਚ 2 ਭਾਰਤੀ ਕਰਮਚਾਰੀਆਂ ਨੂੰ 24,000 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਲਗਾਇਆ ਹੈ। ਦਿ ਸਟਰੇਟ ਟਾਈਮਜ਼ ਅਖ਼ਬਾਰ ਨੇ ਵੀਰਵਾਰ ਨੂੰ ਆਪਣੀ ਖ਼ਬਰ ਵਿਚ ਕਿਹਾ ਕਿ ਫੂਡ ਡਿਲਿਵਰੀ ਕੰਪਨੀ ਸੋਨਮੇਰਾ ਦੇ ਸਾਬਕਾ ਕਰਮਚਾਰੀਆਂ ਮਹੇਸ਼ਵਰਮ ਐਮ. ਰਤਨਿਸਵਾਪਤੀ (27) ਅਤੇ ਰੇਨੀਤਾ ਮੁਰਲੀਧਰਨ (31) ਨੂੰ ਰਿਸ਼ਵਤ ਲੈਣ ਦੇ ਤਿੰਨ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਮਹੇਸ਼ਵਰਮ ਇੱਕ ਗੋਦਾਮ ਵਿੱਚ ਸੁਪਰਵਾਈਜ਼ਰ ਸੀ। ਉਸ ਨੇ ਮਨੁੱਖੀ ਸਰੋਤ ਕੰਟਰੈਕਟ ਸਰਵਿਸਿਜ਼ ਕੰਪਨੀ ਇੰਸਪੀਰੋ ਦੀ ਡਾਇਰੈਕਟਰ ਹੇਮਾ ਸੁਤਨ ਨਾਇਰ ਅਚੁਥਨਾਇਰ ਤੋਂ ਲਗਭਗ 6,800 ਸਿੰਗਾਪੁਰੀ ਡਾਲਰ ਦੀ ਰਿਸ਼ਵਤ ਲਈ ਸੀ। ਸਰਕਾਰੀ ਵਕੀਲ ਦੇ ਅਨੁਸਾਰ, 2020 ਵਿੱਚ, ਮਹੇਸ਼ਵਰਮ ਨੇ ਇਹ ਰਿਸ਼ਵਤ ਲਈ ਸੀ ਅਤੇ ਇਸ ਵਿਚ ਮੁਰਲੀਧਰਨ ਨੂੰ ਉਸ ਦੀ ਕਮਿਸ਼ਨ ਦੇ ਤੌਰ 'ਤੇ 3,400 ਸਿੰਗਾਪੁਰ ਡਾਲਰ ਦਿੱਤੇ ਸਨ। ਖ਼ਬਰ ਵਿੱਚ ਕਿਹਾ ਗਿਆ ਹੈ ਕਿ ਅਦਾਲਤ ਨੇ ਦੋਵਾਂ ਨੂੰ 24,000 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਲਗਾਇਆ ਹੈ।