ਸਿੰਗਾਪੁਰ: ਕੋਵਿਡ ਸਬੰਧੀ ਪਾਬੰਦੀਆਂ ਦੀ ਉਲੰਘਣਾ ਕਰਨ ਲਈ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ

Thursday, Aug 17, 2023 - 11:53 AM (IST)

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਸਖਤ ਕੋਵਿਡ-19 ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵਿੱਚ 21 ਮਹੀਨਿਆਂ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਅਤੇ ਉਸ 'ਤੇ 5,000 ਸਿੰਗਾਪੁਰੀ ਡਾਲਦ ਦਾ ਜੁਰਮਾਨਾ ਲਗਾਇਆ ਗਿਆ। ‘ਦਿ ਸਟਰੇਟਸ ਟਾਈਮਜ਼’ ਦੀ ਖ਼ਬਰ ਮੁਤਾਬਕ ਕੇ. ਪ੍ਰਦੀਪ ਰਾਮ (41) 'ਤੇ ਇਕ ਪੁਲਸ ਅਧਿਕਾਰੀ ਨੂੰ ਧਮਕਾਉਣ ਅਤੇ ਦੂਜੇ ਅਧਿਕਾਰੀ ਨਾਲ ਬਦਸਲੂਕੀ ਕਰਨ ਦਾ ਵੀ ਦੋਸ਼ ਹੈ।

ਇਹ ਘਟਨਾ 2020 ਦੀ ਹੈ। ਉਸ ਨੂੰ 10 ਸਾਲਾਂ ਲਈ ਗੱਡੀ ਚਲਾਉਣ ਤੋਂ ਵੀ ਅਯੋਗ ਕਰਾਰ ਦਿੱਤਾ ਗਿਆ। ਉਸ ਨੇ ਖਤਰਨਾਕ ਡਰਾਈਵਿੰਗ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਅਤੇ ਇਕ ਪੁਲਸ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਸਮੇਤ 4 ਦੋਸ਼ ਸਵੀਕਾਰ ਕਰ ਲਏ ਸਨ। ਡਿਪਟੀ ਸਰਕਾਰੀ ਵਕੀਲ ਟਿਮੋਥੀ ਕੋਹ ਨੇ ਦੱਸਿਆ ਕਿ 24 ਮਈ 2020 ਨੂੰ ਰਾਤ ਕਰੀਬ 9 ਵਜੇ ਰਾਮ ਅਤੇ ਉਸਦਾ ਦੋਸਤ ਪ੍ਰਵੀਨ ਰਾਤ ਦੇ ਖਾਣੇ ਲਈ ਇੱਕ ਹੋਰ ਦੋਸਤ ਦੇ ਘਰ ਪਹੁੰਚੇ।

ਕੋਹ ਨੇ ਦੱਸਿਆ ਕਿ ਉੱਥੋਂ ਨਿਕਲਣ ਤੋਂ ਬਾਅਦ ਨਸ਼ੇ 'ਚ ਟੱਲੀ ਰਾਮ ਅਤੇ ਪ੍ਰਵੀਨ ਆਪਸ 'ਚ ਲੜਨ ਲੱਗੇ ਅਤੇ ਰਾਮ ਨੇ ਖਤਰਨਾਕ ਢੰਗ ਨਾਲ ਗੱਡੀ ਚਲਾਈ। ਉਸਨੇ ਸੜਕ ਦੇ ਇੱਕ ਪਾਸੇ ਲੱਗੇ ਬੈਰੀਕੇਡ ਨੂੰ ਟੱਕਰ ਮਾਰੀ ਅਤੇ ਇਸ ਦੌਰਾਨ ਪ੍ਰਵੀਨ ਦੇ ਕੱਪੜੇ ਲਾਰੀ ਵਿੱਚ ਫਸ ਗਏ ਅਤੇ ਉਸਨੂੰ ਕਾਫੀ ਸੱਟਾਂ ਲੱਗੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਪ੍ਰਵੀਨ ਲਈ ਐਂਬੂਲੈਂਸ ਬੁਲਾਈ। ਰਾਮ ਨੇ ਪੁਲਸ ਅਧਿਕਾਰੀਆਂ ਨਾਲ ਵੀ ਮਾੜਾ ਵਿਵਹਾਰ ਕੀਤਾ। ਇਨ੍ਹਾਂ ਸਾਰੇ ਅਪਰਾਧਾਂ ਲਈ, ਰਾਮ ਨੂੰ 21 ਮਹੀਨੇ ਅਤੇ 2 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।


cherry

Content Editor

Related News