ਸਿੰਗਾਪੁਰ: ਭਾਰਤੀ ਮੂਲ ਦੇ ਰੈਪਰ ਖ਼ਿਲਾਫ਼ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਹੇਠ ਤੈਅ ਕੀਤੇ ਜਾਣਗੇ ਦੋਸ਼
Friday, Oct 29, 2021 - 11:35 AM (IST)
ਸਿੰਗਾਪੁਰ (ਪੀ.ਟੀ.ਆਈ.)- ਸਿੰਗਾਪੁਰ ਵਿਚ ਭਾਰਤੀ ਮੂਲ ਦੇ ਰੈਪਰ ਸੁਭਾਸ਼ ਨਾਇਰ 'ਤੇ ਅਗਲੇ ਸੋਮਵਾਰ ਨੂੰ ਧਰਮ ਅਤੇ ਨਸਲ ਦੇ ਆਧਾਰ 'ਤੇ ਵੱਖ-ਵੱਖ ਸਮੂਹਾਂ ਵਿਚਕਾਰ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਦੋਸ਼ ਤੈਅ ਕੀਤੇ ਜਾਣਗੇ। ਵੀਰਵਾਰ ਨੂੰ ਚੈਨਲ ਨਿਊਜ਼ ਏਸ਼ੀਆ ਦੀ ਇੱਕ ਰਿਪੋਰਟ ਮੁਤਾਬਕ, ਸਿੰਗਾਪੁਰ ਪੁਲਸ ਫੋਰਸ (SPF) ਨੇ 29 ਸਾਲਾ ਰੈਪਰ ਦੇ ਖਿਲਾਫ ਚਾਰ ਘਟਨਾਵਾਂ ਨੂੰ ਸੂਚੀਬੱਧ ਕੀਤਾ ਹੈ।
ਰੈਪਰ ਨੂੰ 2019 ਵਿੱਚ ਇੱਕ "ਨਸਲਵਾਦੀ" ਰੈਪ ਵੀਡੀਓ ਜਾਰੀ ਕਰਕੇ ਚੀਨ ਅਤੇ ਹੋਰ ਨਸਲਾਂ ਦੇ ਲੋਕਾਂ ਵਿੱਚ ਨਫ਼ਰਤ ਦੀਆਂ ਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਨ ਲਈ ਇੱਕ ਸ਼ਰਤ ਸਮੇਤ ਚੇਤਾਵਨੀ ਦਿੱਤੀ ਗਈ ਸੀ। ਉੱਥੇ 25 ਜੁਲਾਈ, 2020 ਨੂੰ, ਨਾਇਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਚੀਨ ਵਿੱਚ ਈਸਾਈਆਂ ਦੇ ਇੱਕ ਵੀਡੀਓ ਦੇ ਜਵਾਬ ਵਿੱਚ ਟਿੱਪਣੀ ਕੀਤੀ ਸੀ। ਵੀਡੀਓ ਵਿੱਚ ਕਥਿਤ ਤੌਰ 'ਤੇ ਕਿਸੇ ਹੋਰ ਭਾਈਚਾਰੇ ਵਿਰੁੱਧ ਨਫ਼ਰਤ ਭਰੀ ਟਿੱਪਣੀ ਕੀਤੀ ਗਈ ਸੀ। ਚੈਨਲ ਦੀ ਰਿਪੋਰਟ 'ਚ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਨਾਇਰ ਨੇ ਕਥਿਤ ਤੌਰ 'ਤੇ ਕਿਹਾ ਹੈ ਕਿ ਅਜਿਹੀ ਨਫਰਤ ਭਰੀ ਟਿੱਪਣੀ ਕਰਨ ਵਾਲੇ ਮਲੇਈ ਮੁਸਲਮਾਨ ਜੋ ਇਸੇ ਤਰ੍ਹਾਂ ਦੀ ਨਫ਼ਰਤ ਭਰੀ ਟਿੱਪਣੀ ਕਰਦੇ ਹਨ ਉਹਨਾਂ ਨਾਲ ਅਧਿਕਾਰੀਆਂ ਵੱਲੋਂ ਚੀਨ ਦੇ ਈਸਾਈਆਂ ਦੇ ਮੁਕਾਬਲੇ ਵੱਖਰਾ ਸਲੂਕ ਕੀਤਾ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦਾ ਅਹਿਮ ਕਦਮ, ਅਪਾਹਜ ਲੋਕਾਂ ਲਈ ਕਰੇਗਾ ਮੰਤਰਾਲੇ ਦੀ ਸਥਾਪਨਾ
ਖਬਰਾਂ ਮੁਤਾਬਕ 15 ਅਕਤੂਬਰ 2020 ਨੂੰ ਇੱਕ ਹੋਰ ਮਾਮਲੇ ਵਿੱਚ ਨਾਇਰ 'ਤੇ ਦੋਸ਼ ਲਗਾਇਆ ਸੀ ਕਿ ਸਿੰਗਾਪੁਰ ਦੇ 'ਓਰਚਰਡ ਟਾਵਰਜ਼' ਵਿੱਚ 2 ਜੁਲਾਈ, 2019 ਨੂੰ ਇੱਕ ਭਾਰਤੀ ਵਿਅਕਤੀ ਦੇ ਕਤਲ ਦੇ ਮਾਮਲੇ ਵਿੱਚ ਸ਼ੱਕੀ ਚੀਨੀ ਨਾਗਰਿਕ ਨਾਲ ਅਧਿਕਾਰੀਆਂ ਦੇ ਸਖ਼ਤੀ ਨਾਲ ਪੇਸ਼ ਨਾ ਆਉਣ ਦਾ ਦਾਅਵਾ ਕਰਦੇ ਹੋਏ ਉਹਨਾਂ ਨੇ ਚੀਨੀ ਅਤੇ ਭਾਰਤੀ ਮੂਲ ਦੇ ਲੋਕਾਂ ਵਿਚਕਾਰ ਦੁਸ਼ਮਣੀ ਦੀਆਂ ਭਾਵਨਾਵਾਂ ਨੂੰ ਵਧਾਵਾ ਦੇਣ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਨੇ ਦੋਸ਼ ਲਾਇਆ ਕਿ 15 ਅਕਤੂਬਰ 2020 ਦੇ ਮਾਮਲੇ ਦੀ ਜਾਂਚ ਦੌਰਾਨ 11 ਮਾਰਚ ਨੂੰ ਨਾਇਰ ਨੇ ਇੱਕ ਪੇਸ਼ਕਾਰੀ ਦੌਰਾਨ "ਚੀਨੀ ਅਤੇ ਭਾਰਤੀ ਮੂਲ ਦੇ ਲੋਕਾਂ ਵਿਚਕਾਰ ਦੁਸ਼ਮਣੀ ਦੀਆਂ ਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਲਈ" ਇੱਕ ਕਾਰਟੂਨ ਤਸਵੀਰ ਪ੍ਰਦਰਸ਼ਿਤ ਕੀਤੀ ਸੀ। ਨਾਇਰ ਨੂੰ ਧਰਮ ਜਾਂ ਨਸਲ ਦੇ ਆਧਾਰ 'ਤੇ ਵੱਖ-ਵੱਖ ਸਮੂਹਾਂ ਵਿਚਕਾਰ ਨਫਰਤ ਫੈਲਾਉਣ ਦਾ ਦੋਸ਼ੀ ਪਾਏ ਜਾਣ 'ਤੇ ਤਿੰਨ ਸਾਲ ਤੱਕ ਦੀ ਕੈਦ, ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।