ਸਿੱਖਸ ਫਾਰ ਜਸਟਿਸ ਨੇ ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦੇਣ ਦੀ ਕੀਤੀ ਕੋਸ਼ਿਸ਼!
Thursday, Jul 21, 2022 - 01:09 PM (IST)
ਵਾਸ਼ਿੰਗਟਨ/ਪਟਿਆਲਾ - ਪਟਿਆਲਾ ਪੁਲਸ ਨੇ ਮੰਗਲਵਾਰ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਜੁੜੇ ਜਿਨ੍ਹਾਂ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਦੇ ਫੋਨ ਵਿਚੋਂ ਅਮਰੀਕਾ ਸਥਿਤ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨਾਲ ਹੋਈ ਗੱਲਬਾਤ ਦੀਆਂ ਕੁੱਝ ਰਿਕਾਰਡਿੰਗਾਂ ਵੀ ਮਿਲੀਆਂ ਹਨ, ਜਿਸ ਵਿਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਸਿੱਖਸ ਫਾਰ ਜਸਟਿਸ (SFJ) ਨੇ ਅੰਬਾਲਾ (ਹਰਿਆਣਾ) ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕੁਝ ਕਾਤਲਾਂ ਲਈ ਪਨਾਹ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ। ਦੱਸ ਦੇਈਏ ਕਿ ਪੁਲਸ ਨੇ ਕੱਲ੍ਹ 2 ਨੌਜਵਾਨਾਂ ਹਰਵਿੰਦਰ ਸਿੰਘ ਉਰਫ ਡਾਲਰ (21) ਅਤੇ ਪ੍ਰੇਮ ਸਿੰਘ ਉਰਫ ਏਕਮ (18) ਨੂੰ ਪਟਿਆਲਾ ਦੇ ਇੱਕ ਮੰਦਰ ਦੀ ਚਾਰਦੀਵਾਰੀ 'ਤੇ ਖਾਲਿਸਤਾਨ ਪੱਖੀ ਪੋਸਟਰ ਚਿਪਕਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ: ਪਟਿਆਲਾ ‘ਚ ਮੰਦਰ ਦੇ ਬਾਹਰ ਖਾਲਿਸਤਾਨ ਪੱਖੀ ਪੋਸਟਰ ਲਾਉਣ ਵਾਲੇ SFJ ਨਾਲ ਜੁੜੇ 2 ਵਿਅਕਤੀ ਕਾਬੂ
ਕਈ ਆਡੀਓ ਰਿਕਾਰਡਿੰਗਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ SFJ ਪੰਜਾਬ ਅਤੇ ਨਵੀਂ ਦਿੱਲੀ ਵਿਚ 15 ਅਗਸਤ ਦੇ ਸਮਾਗਮਾਂ, ਖਾਸ ਕਰਕੇ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਦੇ ਸਮਾਗਮਾਂ ਵਿਚ ਵਿਘਨ ਪਾਉਣ ਤੋਂ ਇਲਾਵਾ ਹਰਿਆਣਾ ਵਿਚ ਆਜ਼ਾਦੀ ਦਿਵਸ ਮੌਕੇ ਇਮਾਰਤਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖਣ ਦੀ ਯੋਜਨਾ ਬਣਾ ਰਿਹਾ ਸੀ। ਇਨ੍ਹਾ ਦੋਵਾਂ ਵਿਅਕਤੀਆਂ ਦੀ ਪਛਾਣ ਹਰਵਿੰਦਰ ਸਿੰਘ ਉਰਫ ਡਾਲਰ (21) ਅਤੇ ਪ੍ਰੇਮ ਸਿੰਘ ਉਰਫ ਏਕਮ (18) ਵਜੋਂ ਹੋਈ ਹੈ। ਅੰਬਾਲਾ ਦੇ ਰੇਲਵੇ ਸਟੇਸ਼ਨ ਵੀ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ। ਆਡੀਓ ਰਿਕਾਰਡਿੰਗ 'ਚ ਪੰਨੂ ਨੂੰ ਅੰਬਾਲਾ ਕੈਂਟ ਅਤੇ ਅੰਬਾਲਾ ਸਿਟੀ ਰੇਲਵੇ ਸਟੇਸ਼ਨਾਂ 'ਚ ਅੰਤਰ ਦੇ ਬਾਰੇ ਦੋਵਾਂ ਨੌਜਵਾਨਾਂ ਨਾਲ ਗੱਲ ਕਰਦੇ ਸੁਣਿਆ ਜਾ ਸਕਦਾ ਹੈ। ਉਸ ਨੂੰ ਪਹਿਲਾਂ ਰੇਲਵੇ ਸਟੇਸ਼ਨਾਂ, ਖਾਸ ਤੌਰ 'ਤੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਦੀ ਰੇਕੀ ਕਰਨ ਲਈ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। SFJ ਮੁਖੀ ਨੇ ਉਨ੍ਹਾਂ ਨੂੰ ਮੁੱਖ ਮਾਰਗਾਂ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹਰਵਿੰਦਰ ਅਤੇ ਪ੍ਰੇਮ ਦੇ ਫੋਨਾਂ ਤੋਂ ਇਹ ਰਿਕਾਰਡਿੰਗਾਂ ਮਿਲੀਆਂ ਹਨ। ਅਧਿਕਾਰੀ ਨੇ ਅੱਗੇ ਕਿਹਾ ਕਿ ਪੰਨੂ ਡਰੋਨ ਦੀ ਵਰਤੋਂ ਤੋਂ ਇਲਾਵਾ ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦੇਣ ਦੀ ਗੱਲ ਕਰਦਾ ਹੈ। ਉਸਦੀ ਆਵਾਜ਼ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਅਮਰੀਕੀ ਹਵਾਈ ਫ਼ੌਜ 'ਚ ਭਰਤੀ ਹੋਇਆ ਦਸਤਾਰਧਾਰੀ ਸਿੱਖ ਗੁਰਸ਼ਰਨ ਸਿੰਘ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।