ਡੌਂਕੀ ਲਾ ਕੇ UK ਪਹੁੰਚੇ ਫੜੇ ਗਏ 12 ਸਿੱਖ ! ਅਫ਼ਗਾਨਿਸਤਾਨ ਤੋਂ ਟਰੱਕ ਰਾਹੀਂ ਗਿਆ ਸੀ ਪਰਿਵਾਰ

Sunday, Jun 07, 2026 - 11:28 AM (IST)

ਡੌਂਕੀ ਲਾ ਕੇ UK ਪਹੁੰਚੇ ਫੜੇ ਗਏ 12 ਸਿੱਖ ! ਅਫ਼ਗਾਨਿਸਤਾਨ ਤੋਂ ਟਰੱਕ ਰਾਹੀਂ ਗਿਆ ਸੀ ਪਰਿਵਾਰ

ਲੰਡਨ : ਯੂਕੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸਿੱਖ ਪਰਿਵਾਰ ਦੇ 12 ਜੀਆਂ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਵੀਡੀਓ ਵਾਇਰਲ ਹੋ ਰਹੀ ਹੈ, ਜਿਨ੍ਹਾਂ ਨੂੰ ਇਕ ਟਰੱਕ ਵਿਚੋਂ ਕਾਬੂ ਕੀਤਾ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਗੈਰ ਕਾਨੂੰਨੀ ਤਰੀਕੇ ਨਾਲ ਮੁਲਕ ਵਿਚ ਦਾਖ਼ਲ ਹੋਏ। ਪੁਲਿਸ ਨੇ ਜਦੋਂ ਇਸ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 12 ਅਫ਼ਗਾਨੀ ਪ੍ਰਵਾਸੀ ਬਰਾਮਦ ਹੋਏ, ਜਿਨ੍ਹਾਂ ਵਿੱਚ ਅਫ਼ਗਾਨੀ ਸਿੱਖ ਅਤੇ ਇੱਕ ਬੱਚਾ ਵੀ ਸ਼ਾਮਲ ਸੀ। ਇਹ ਸਾਰੇ ਲੋਕ ਬੇਹੱਦ ਖ਼ਤਰਨਾਕ ਹਾਲਾਤ ਵਿੱਚ ਛੁਪਾਏ ਗਏ ਸਨ।

ਨੈਸ਼ਨਲ ਕ੍ਰਾਈਮ ਏਜੰਸੀ ਦਾ ਅਫ਼ਸਰ ਟਰੱਕ ਦੇ ਪਿਛਲੇ ਹਿੱਸੇ ਵਿਚ ਮੌਜੂਦ ਸਿੱਖਾਂ ਨੂੰ ਸਵਾਲ ਕਰਦਾ ਹੈ ਕਿ ਕੀ ਉਨ੍ਹਾਂ ਨੂੰ ਅੰਗਰੇਜ਼ੀ ਬੋਲਣੀ ਆਉਂਦੀ ਹੈ? ਮਨੁੱਖੀ ਤਸਕਰੀ ਦੇ ਇਸ ਮਾਮਲੇ ਵਿਚ 34 ਸਾਲ ਦੇ ਰੋਹਿਤ ਚਾਵਲਾ, ਉਸ ਦੇ ਪਿਤਾ ਸੁਰਜੀਤ ਚਾਵਲਾ ਅਤੇ 51 ਸਾਲ ਦੇ ਟੈਰੀ ਬਰੂਅਰ ਸਣੇ ਛੇ ਜਣਿਆਂ ਨੂੰ ਹਿਰਾਸਤ ਵਿਚ ਲਿਆ। ਇਸ ਤਰ੍ਹਾਂ ਬ੍ਰਿਟਿਸ਼ ਪੁਲਿਸ ਨੇ ਇੱਕ ਅਜਿਹੇ ਖ਼ਤਰਨਾਕ ਮਨੁੱਖੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜੋ ਅਫ਼ਗਾਨੀ ਪ੍ਰਵਾਸੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਯੂਨਾਈਟਿਡ ਕਿੰਗਡਮ ਵਿੱਚ ਦਾਖ਼ਲ ਕਰਵਾ ਰਿਹਾ ਸੀ। ਜਾਂਚ ਅਨੁਸਾਰ ਇਹ ਨੈੱਟਵਰਕ ਪ੍ਰਵਾਸੀਆਂ ਨੂੰ ਬੇਹੱਦ ਖ਼ਤਰਨਾਕ ਹਾਲਾਤ ਵਿੱਚ ਟਰੱਕਾਂ ਰਾਹੀਂ ਸਰਹੱਦ ਪਾਰ ਕਰਵਾਉਂਦਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-  ਹਸਪਤਾਲ 'ਚ ਮਹਿਲਾ ਡਾਕਟਰ 'ਤੇ ਕਰ'ਤਾ ਐਸਿਡ ਅਟੈਕ; ਹਾਲਤ ਗੰਭੀਰ, ਬਲੋਚਿਸਤਾਨ ਪ੍ਰਸ਼ਾਸਨ ਸਰਗਰਮ

ਮੀਡੀਆ ਰਿਪੋਰਟ ਮੁਤਾਬਕ ਅਫ਼ਗਾਨਿਸਤਾਨ ਨਾਲ ਸਬੰਧਤ ਸਿੱਖਾਂ ਨੂੰ ਯੂ.ਕੇ. ਦੇ ਸੁਰੱਖਿਅਤ ਇਲਾਕੇ ਵਿਚ ਪਹੁੰਚਾਉਣ ਲਈ 65 ਹਜ਼ਾਰ ਪੌਂਡ ਵਸੂਲ ਕੀਤੇ ਗਏ। ਸਿੱਖ ਪਰਿਵਾਰ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਟ੍ਰੈਵਲ ਏਜੰਟਾਂ ਨੇ ਪਹਿਲਾਂ ਉਨ੍ਹਾਂ ਨੂੰ ਫ਼ਰਾਂਸ ਦੇ ਸਮੁੰਦਰੀ ਕੰਢੇ ਨੇੜੇ ਭੇਜਿਆ ਅਤੇ ਫ਼ਿਰ ਟਰੱਕ ਰਾਹੀਂ ਯੂ.ਕੇ. ਵਿਚ ਦਾਖ਼ਲ ਕਰਵਾਉਣ ਦੀ ਯੋਜਨਾ ਦੱਸੀ। ਗੈਰਕਾਨੂੰਨੀ ਪ੍ਰਵਾਸੀਆਂ ਨੂੰ ਯੂ.ਕੇ. ਵਿਚ ਦਾਖਲ ਕਰਵਾਉਣ ਗਿਰੋਹ ਦੇ ਮੈਂਬਰਾਂ ਵਿਚੋਂ ਇਕ ਕੋਲੋਂ ਪੁਲਿਸ ਨੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ। ਨੈਸ਼ਨਲ ਕ੍ਰਾਈਮ ਏਜੰਸੀ ਦੇ ਰੀਜਨਲ ਹੈੱਡ ਜੈਕ ਬੀਅਰ ਨੇ ਦੱਸਿਆ ਕਿ ਮਨੁੱਖੀ ਤਸਕਰਾਂ ਦੇ ਗਿਰੋਹ ਵੱਲੋਂ ਰੈਫ਼ਰੀਜਰੇਸ਼ਨ ਵਾਲੇ ਟਰੱਕ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੁਕਾਉਣ ਲਈ ਖਾਸ ਕੈਬਿਨ ਤਿਆਰ ਕਰਵਾਏ ਪਰ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਸੀ ਮਿਲਦੀ। 

ਦੱਸ ਦੇਈਏ ਕਿ ਯੂ.ਕੇ. ਵਿਚ ਸਿੱਖ ਪਰਿਵਾਰ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਵੀਡੀਓ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਹੈਨਰੀ ਨੋਵੈਕ ਦੇ ਕਤਲ ਮਾਮਲੇ ਵਿਚ ਸਿੱਖ ਨੌਜਵਾਨ ਵਿਕਰਮ ਸਿੰਘ ਦੀਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਹੈਨਰੀ ਦੀ ਮੌਤ ਲਈ ਸਾਊਥੈਂਪਟਨ ਪੁਲਿਸ ਦੀ ਵਿਤਕਰੇ ਵਾਲੀ ਕਾਰਵਾਈ ਨੂੰ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News