ਕਰਤਾਰਪੁਰ ਲਾਂਘੇ ਦਾ ਕੱਲ ਹੋਵੇਗਾ ਉਦਘਾਟਨ, ਸਿੱਖ ਸ਼ਰਧਾਲੂਆਂ ''ਚ ਭਾਰੀ ਉਤਸ਼ਾਹ

11/08/2019 7:59:28 PM

ਲਾਹੌਰ— ਸਿੱਖ ਸ਼ਰਧਾਲੂਆਂ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮੰਗ ਕੱਲ ਪੂਰੀ ਹੋਣ ਜਾ ਰਹੀ ਹੈ। ਪਾਕਿਸਤਾਨ ਦੇ ਨਾਰੋਵਾਲ ਜ਼ਿਲੇ ਦੇ ਕਰਤਾਰਪੁਰ 'ਚ ਸਥਿਤ ਦਰਬਾਰ ਸਾਹਿਬ ਗੁਰਦੁਆਰੇ ਤੱਕ ਜਾਣ ਲਈ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਜਾਵੇਗਾ। ਇਸ ਵਿਚਾਲੇ ਦੀ ਦੂਰੀ ਕਰੀਬ 4 ਕਿਲੋਮੀਟਰ ਦੀ ਹੈ।

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਲਾਂਘੇ ਰਾਹੀਂ ਯਾਤਰਾ ਕਰਨ ਵਾਲੇ ਸਿੱਖ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਸ਼ਨੀਵਾਰ ਨੂੰ ਵਿਦਾ ਕਰਨਗੇ ਤੇ ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਦਾ ਸਵਾਗਤ ਕਰਨਗੇ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਕਰਤਾਰਪੁਰ ਸਾਹਿਬ 'ਚ ਬਿਤਾਏ ਸਨ। ਇਸੇ ਸਥਾਨ 'ਤੇ ਦਰਬਾਰ ਸਾਹਿਬ ਗੁਰਦੁਆਰਾ ਸਥਿਤ ਹੈ। ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹੋਏ ਕਰਾਰ ਦੇ ਮੁਤਾਬਕ ਰੁਜ਼ਾਨਾ ਕਰੀਬ ਪੰਜ ਹਜ਼ਾਰ ਸ਼ਰਧਾਲੂ ਲਾਂਘੇ ਤੋਂ ਹੋ ਕੇ ਗੁਰਦੁਆਰੇ ਤੱਕ ਮੱਥਾ ਟੇਕਣ ਜਾਣਗੇ। ਸ੍ਰੀ ਦਰਬਾਰ ਸਾਹਿਬ ਗੁਰਦੁਆਰੇ ਦੇ ਕਸਟੋਡੀਅਮ ਰਮੇਸ਼ ਅਰੋੜਾ ਨੇ ਕਿਹਾ ਕਿ ਸਿੱਖ ਸ਼ਰਧਾਲੂ ਇਸ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੀ ਪਹਿਲ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਦੋਵਾਂ ਦੇਸ਼ਾਂ ਨੇ ਕੀਤੀ ਹੈ, ਉਮੀਦ ਹੈ ਕਿ ਪਾਕਿਸਤਾਨ ਸਥਿਤ ਹੋਰ ਸਿੱਖ ਧਰਮ ਸਥਾਨਾਂ ਤੱਕ ਲੋਕਾਂ ਦੇ ਜਾਣ ਲਈ ਵੀ ਅਜਿਹੀ ਹੀ ਪਹਿਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਸਿੱਖ ਇਤਿਹਾਸ ਦੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਿੱਖ ਧਰਮ ਦੀ ਬੁਨਿਆਦ ਪਾਕਿਸਤਾਨ 'ਚ ਹੈ।

ਬੀਤੇ ਕਈ ਮਹੀਨਿਆਂ ਤੋਂ ਗੁਰਦੁਆਰੇ ਸਣੇ ਪੂਰੇ ਕਰਤਾਰਪੁਰ 'ਚ ਨਿਰਮਾਣ ਕਾਰਜ ਚੱਲਦਾ ਰਿਹਾ। ਸੈਂਕੜਿਆਂ ਦੀ ਗਿਣਤੀ 'ਚ ਮਜ਼ਦੂਰਾਂ ਨੇ ਗੁਰਦੁਆਰੇ ਦੀ ਸਜਾਵਟ ਕੀਤੀ, ਇਸ ਦੇ ਨੇੜੇ ਦੇ ਇਲਾਕਿਆਂ ਨੂੰ ਸੁਧਾਰਿਆ, ਇਕ ਪੁਲ ਤੇ ਇਕ ਸਰਹੱਦੀ ਇਮੀਗ੍ਰੇਸ਼ਨ ਚੌਕੀ ਵੀ ਬਣਾਈ ਗਈ। ਭਾਰਤ ਵਲੋਂ ਲੰਬੇ ਸਮੇਂ ਤੋਂ ਪਾਕਿਸਤਾਨ ਨੂੰ ਇਸ ਲਾਂਘੇ ਸਬੰਧੀ ਅਪੀਲ ਕੀਤੀ ਸੀ ਪਰ ਦੋਵਾਂ ਦੇਸ਼ਾਂ ਦੇ ਵਿਚਾਲੇ ਡਿਪਲੋਮੈਟਿਕ ਤਣਾਅ ਦੇ ਕਾਰਨ ਇਸ ਦਿਸ਼ਾ 'ਚ ਬੀਤੇ ਸਾਲਾਂ 'ਚ ਪਹਿਲ ਨਹੀਂ ਹੋ ਸਕੀ। ਇਸ ਲਾਂਘੇ ਦਾ ਉਦਘਾਟਨ 12 ਨਵੰਬਰ ਨੂੰ ਮਨਾਏ ਜਾਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੌਰਾਨ ਕੀਤਾ ਜਾ ਰਿਹਾ ਹੈ।

ਮਲੇਸ਼ੀਆ ਤੋਂ ਆਏ ਸ਼ਰਧਾਲੂ ਕਰਨਦੀਪ ਸਿੰਘ ਨੇ ਕਿਹਾ ਕਿ ਬੀਤੇ 70 ਸਾਲਾਂ ਤੋਂ ਸ਼ਰਧਾਲੂਆਂ ਦੇ ਕੋਲ ਸਰਹੱਦ ਪਾਰ ਕਰ ਇਥੇ ਆਉਣ ਦਾ ਮੌਕਾ ਨਹੀਂ ਸੀ ਤੇ ਹੁਣ ਇਹ ਸਹੀ 'ਚ ਬੇਹੱਦ ਭਾਵੁੱਕ ਪਲ ਹੋਣ ਜਾ ਰਿਹਾ ਹੈ। ਦੁਨੀਆ ਦੇ ਕਈ ਹਿੱਸਿਆਂ ਤੋਂ ਕਰਤਾਰਪੁਰ ਸਾਹਿਬ ਪਹੁੰਚੇ ਸਿੱਖ ਸ਼ਰਧਾਲੂਆਂ ਨੇ ਇਹ ਉਮੀਦ ਵੀ ਜਤਾਈ ਕਿ ਇਹ ਲਾਂਘਾ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਸੁਧਾਰਣ ਦਾ ਰਸਤਾ ਬਣੇਗਾ। ਆਸਟ੍ਰੇਲੀਆ ਤੋਂ ਆਏ ਭਜਨ ਸਿੰਘ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਬਿਹਤਰ ਹੋਣਾ ਚਾਹੀਦਾ ਹੈ ਤੇ ਮੈਨੂੰ ਉਮੀਦ ਹੈ ਕਿ ਅਜਿਹਾ ਹੀ ਹੋਵੇਗਾ।


Baljit Singh

Content Editor

Related News