ਮਾਂ ਬੋਲੀ ਦਿਵਸ ਮੌਕੇ ਸਿੱਖੀ ਸੇਵਾ ਸੁਸਾਇਟੀ ਵੱਲੋਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਵਰਕਸ਼ਾਪ ਆਯੋਜਿਤ

Sunday, Feb 16, 2025 - 04:22 PM (IST)

ਮਾਂ ਬੋਲੀ ਦਿਵਸ ਮੌਕੇ ਸਿੱਖੀ ਸੇਵਾ ਸੁਸਾਇਟੀ ਵੱਲੋਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਵਰਕਸ਼ਾਪ ਆਯੋਜਿਤ

ਰੋਮ (ਕੈਂਥ)- ਇਟਲੀ ਵਿੱਚ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਵਾਲੀ ਸਿੱਖ ਸੰਸਥਾ ਸਿੱਖੀ ਸੇਵਾ ਸੁਸਾਇਟੀ ਵੱਖ-ਵੱਖ ਉਪਰਾਲੇ ਕਰਦੀ ਆ ਰਹੀ ਹੈ। ਇਸੇ ਤਰ੍ਹਾਂ ਇਸ ਸੰਸਥਾਂ ਵੱਲੋਂ ਮਾਂ ਬੋਲੀ ਦਿਵਸ ਮੌਕੇ ਵਿਸ਼ੇਸ਼ ਉਪਰਾਲਾ ਕਰਦਿਆਂ ਇਟਲੀ ਵਿੱਚ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਗੁਰਮੁਖੀ ਭਾਸ਼ਾ ਦੀ ਸਿਖਲਾਈ ਦੇਣ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦਿਆ ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਭਾਈ ਜਗਜੀਤ ਸਿੰਘ ਨੇ ਦੱਸਿਆ ਕਿ ਪਿਛਲੇ 5 ਸਾਲਾਂ ਤੋਂ ਧਰਮ ਅਤੇ ਸੱਭਿਆਚਾਰ ਦੇ ਵੱਖ-ਵੱਖ ਵਿਸ਼ਿਆਂ 'ਤੇ ਵਰਕਸ਼ਾਪ ਆਯੋਜਿਤ ਕੀਤੀ ਜਾ ਰਹੀ ਹੈ। 

ਇਸ ਵਾਰ 11 ਅਤੇ 12 ਫਰਵਰੀ ਨੂੰ ਕਸਤੀਲਿੳਨੇ ਦੇਲ ਸਤੀਈਵੇਰੇ ਦੇ ਵੱਖ-ਵੱਖ ਸਕੂਲਾਂ ਵਿੱਚ ਚੌਥੀ ਜਮਾਤ ਦੇ ਬੱਚਿਆਂ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਿੱਖੀ ਸੇਵਾ ਸੁਸਾਇਟੀ ਵੱਲੋਂ ਅਮ੍ਰਿਤਧਾਰੀ ਰਵੀਜੀਤ ਕੌਰ ਨੇ ਭਾਗ ਲਿਆ। ਵਰਕਸ਼ਾਪ ਦੌਰਾਨ ਤਸਵੀਰਾਂ ਰਾਹੀਂ ਪੰਜਾਬ ਨੂੰ ਦਰਸਾਇਆ ਗਿਆ ਅਤੇ ਇੱਕ ਛੋਟੀ ਗੁਰਮੁਖੀ ਵਰਕਸ਼ਾਪ ਲਗਾਈ ਗਈ, ਜਿਸ ਵਿੱਚ ਬੱਚਿਆਂ ਨੇ ਵਰਣਮਾਲਾ ਦੇ ਅੱਖਰਾਂ ਨਾਲ ਆਪਣੇ ਨਾਮ ਲਿਖੇ। ਇਸ ਤੋਂ ਪਹਿਲਾਂ ਸਕੂਲ ਦੇ ਅਧਿਆਪਕਾਂ ਵੱਲੋਂ ਰਵੀਜੀਤ ਕੌਰ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਬੱਚਿਆਂ ਵੱਲੋਂ ਬਹੁਤ ਦਿਲਚਸਪੀ ਦਿਖਾਈ ਗਈ। ਰਵੀਜੀਤ ਕੌਰ ਨੇ ਸੈਨ ਪੀਏਤਰੋ ਅਤੇ ਗੋਜ਼ੋਲੀਨਾ ਦੇ ਪ੍ਰਾਇਮਰੀ ਸਕੂਲਾਂ ਅਤੇ ਵਿਸ਼ੇਸ਼ ਤੌਰ 'ਤੇ ਅਧਿਆਪਕ ਅਲੇਸੈਂਡਰਾ ਰੌਸੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਵਰਕਸ਼ਾਪ ਨੂੰ ਸੰਭਵ ਬਣਾਇਆ।


author

cherry

Content Editor

Related News