ਕੈਨੇਡਾ 'ਚ ਸਿੱਖ ਵਿਦਿਆਰਥੀ 'ਤੇ ਹਮਲਾ, ਲਾਹੀ ਪੱਗ, ਵਾਲਾਂ ਤੋਂ ਫੜ ਕੇ ਘੜੀਸਿਆ
Monday, Mar 20, 2023 - 04:46 PM (IST)
ਟੋਰਾਂਟੋ (ਭਾਸ਼ਾ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇੱਕ 21 ਸਾਲਾ ਸਿੱਖ ਵਿਦਿਆਰਥੀ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਕੇ ਉਸ ਦੀ ਪੱਗ ਲਾਹ ਦਿੱਤੀ ਅਤੇ ਵਾਲਾਂ ਤੋਂ ਘੜੀਸਦੇ ਹੋਏ ਸੜਕ ਦੇ ਕਿਨਾਰੇ ਲੈ ਗਏ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। 'ਸੀ.ਟੀ.ਵੀ.' ਦੀ ਖ਼ਬਰ ਮੁਤਾਬਕ ਗਗਨਦੀਪ ਸਿੰਘ 'ਤੇ ਸ਼ੁੱਕਰਵਾਰ ਰਾਤ ਨੂੰ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਆਪਣੇ ਘਰ ਪਰਤ ਰਿਹਾ ਸੀ। ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਹਮਲੇ ਬਾਰੇ ਕੁਝ ਦੇਰ ਬਾਅਦ ਪਤਾ ਲੱਗਾ ਅਤੇ ਉਹ ਗਗਨਦੀਪ ਨੂੰ ਮਿਲਣ ਗਈ।
ਇਹ ਵੀ ਪੜ੍ਹੋ: ਖਾਲਿਸਤਾਨ ਸਮਰਥਕਾਂ ਵੱਲੋਂ ਸੇਨ ਫ੍ਰਾਂਸਿਸਕੋ 'ਚ ਭਾਰਤੀ ਅੰਬੈਸੀ 'ਤੇ ਹਮਲਾ, ਭੰਨੇ ਸ਼ੀਸ਼ੇ
ਉਨ੍ਹਾਂ ਨੇ ਨਿਊਜ਼ ਚੈਨਲ ਨੂੰ ਦੱਸਿਆ, ''ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ। ਉਹ ਆਪਣਾ ਮੂੰਹ ਵੀ ਨਹੀਂ ਖੋਲ੍ਹ ਪਾ ਰਿਹਾ ਸੀ।” ਸਿੰਘ ਨੇ ਕਿਹਾ ਕਿ ਗਗਨਦੀਪ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਅਤੇ ਉਹ ਬਹੁਤ ਦਰਦ ਵਿੱਚ ਸੀ। ਕੌਂਸਲਰ ਨੇ ਦੱਸਿਆ ਕਿ ਗਗਨਦੀਪ ਰਾਤ ਕਰੀਬ 10.30 ਵਜੇ ਕਰਿਆਨੇ ਦੀ ਖਰੀਦਦਾਰੀ ਕਰਕੇ ਘਰ ਜਾ ਰਿਹਾ ਸੀ, ਉਦੋਂ ਬੱਸ ਵਿਚ ਉਸ ਦਾ 12 ਤੋਂ 15 ਨੌਜਵਾਨਾਂ ਨਾਲ ਸਾਹਮਣਾ ਹੋਇਆ। ਉਨ੍ਹਾਂ ਕਿਹਾ, "ਉਹ ਉਸ ਨੂੰ ਪਰੇਸ਼ਾਨ ਕਰਨ ਲੱਗੇ। ਵਿਦਿਆਰਥੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਨੂੰ ਪਰੇਸ਼ਾਨ ਨਾ ਕਰਨ, ਨਹੀਂ ਤਾਂ ਉਹ ਪੁਲਸ ਨੂੰ ਬੁਲਾ ਲਵੇਗਾ। ਪਰ, ਉਹ ਨਹੀਂ ਰੁਕੇ ਅਤੇ ਉਸ ਨੂੰ ਤੰਗ ਕਰਦੇ ਰਹੇ।” ਇਸ ਤੋਂ ਬਾਅਦ ਗਗਨਦੀਪ ਬੱਸ ਤੋਂ ਹੇਠਾਂ ਉਤਰ ਗਿਆ। ਉਨ੍ਹਾਂ ਕਿਹਾ, “ਉਹ ਵੀ ਉਸਦੇ ਪਿੱਛੇ ਉਤਰੇ ਅਤੇ ਬੱਸ ਦੇ ਜਾਣ ਦੀ ਉਡੀਕ ਕਰਨ ਲੱਗੇ। ਫਿਰ ਉਨ੍ਹਾਂ ਨੇ ਉਸ 'ਤੇ ਹਮਲਾ ਕਰਕੇ ਉਸ ਦੇ ਚਿਹਰੇ, ਢਿੱਡ, ਬਾਹਾਂ ਅਤੇ ਪੈਰਾਂ 'ਤੇ ਸੱਟਾਂ ਮਾਰੀਆਂ... ਉਸ ਦੀ ਪੱਗ ਲਾਹ ਦਿੱਤੀ ਅਤੇ ਉਸ ਨੂੰ ਵਾਲਾਂ ਤੋਂ ਘੜੀਸ ਕੇ ਸੜਕ ਕਿਨਾਰੇ ਗੰਦੀ ਬਰਫ 'ਤੇ ਸੁੱਟ ਦਿੱਤਾ।'' ਹਮਲਾਵਰ ਉਸ ਦੀ ਪੱਗ ਆਪਣੇ ਨਾਲ ਲੈ ਗਏ। ਹੋਸ਼ ਆਉਣ 'ਤੇ ਗਗਨਦੀਪ ਨੇ ਆਪਣੇ ਦੋਸਤ ਨੂੰ ਫ਼ੋਨ ਕੀਤਾ।
ਇਹ ਵੀ ਪੜ੍ਹੋ: ਅਧਿਐਨ 'ਚ ਖ਼ੁਲਾਸਾ, ਬਿੱਲੀਆਂ ਅਤੇ ਕੁੱਤੇ ਫੈਲਾ ਰਹੇ ਦਵਾਈਆਂ ਬੇਅਸਰ ਕਰਨ ਵਾਲਾ ਜੀਵਾਣੂ
ਮੋਹਿਨੀ ਸਿੰਘ ਨੇ ਦੱਸਿਆ ਕਿ ਗਗਨਦੀਪ ਦੇ ਦੋਸਤ ਅਤੇ ਅੰਤਰਰਾਸ਼ਟਰੀ ਸਾਥੀ ਵਿਦਿਆਰਥੀ ਹਮਲੇ ਤੋਂ ਬਹੁਤ ਪਰੇਸ਼ਾਨ ਅਤੇ ਡਰੇ ਹੋਏ ਹਨ। ਐਤਵਾਰ ਨੂੰ ਬੱਸ ਸਟਾਪ 'ਤੇ ਮੀਟਿੰਗ ਕੀਤੀ ਗਈ, ਜਿਸ 'ਚ ਉਨ੍ਹਾਂ ਨੇ ਆਪਣੇ ਸੁਰੱਖਿਆ ਮੁੱਦਿਆਂ ਨੂੰ ਇਕ-ਦੂਜੇ ਨਾਲ ਸਾਂਝਾ ਕੀਤਾ। ਸਿੰਘ ਨੇ ਕਿਹਾ ਕਿ ਗਗਨਦੀਪ ਦਾ ਸਿੱਖ ਅਤੇ ਭਾਰਤੀ ਹੋਣਾ ਯਕੀਨੀ ਤੌਰ 'ਤੇ ਉਸ 'ਤੇ ਹਮਲੇ ਦਾ ਕਾਰਨ ਸੀ। ਕੇਲੋਨਾ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕਾਂਸਟੇਬਲ ਮਾਈਕ ਡੇਲਾ-ਪੌਲਰ ਨੇ ਕਿਹਾ, "ਕੇਲੋਨਾ ਆਰ.ਸੀ.ਐੱਮ.ਪੀ. ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਲੈ ਕੇ ਚਿੰਤਤ ਹੈ।"
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।