ਜਾਪਾਨ ''ਤੇ ਜਿੱਤ ਦੇ 75ਵੇਂ ਵਰ੍ਹੇ ਦੇ ਸ਼ਰਧਾਂਜਲੀ ਸਮਾਗਮ ਮੌਕੇ ਸਕਾਟਲੈਂਡ ਤੋਂ ਵੀ ਦੋ ਸਿੱਖ ਪਰਿਵਾਰਾਂ ਨੇ ਕੀਤੀ ਸ਼ਿਰਕਤ

08/17/2020 8:54:07 AM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਵਿਸ਼ਵ ਯੁੱਧ ਦੌਰਾਨ ਸਿੱਖ ਫੌਜੀਆਂ ਦੀ ਸ਼ਮੂਲੀਅਤ ਦਾ ਜ਼ਿਕਰ ਇਤਿਹਾਸ ਵਿਚ ਮਾਣ ਨਾਲ ਹੁੰਦਾ ਹੈ। ਬਰਤਾਨਵੀ ਸਰਕਾਰ ਤੇ ਅਵਾਮ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਸਿੱਖ ਫੌਜੀਆਂ ਵੱਲੋਂ ਜਿਸ ਬਹਾਦਰੀ ਨਾਲ ਇਸ ਯੁੱਧ ਵਿੱਚ ਆਪਣਾ ਯੋਗਦਾਨ ਪਾਇਆ ਹੈ, ਉਸ ਲਈ ਸਮੁੱਚੀ ਸਿੱਖ ਕੌਮ ਸਤਿਕਾਰ ਦੀ ਪਾਤਰ ਰਹੇਗੀ। ਸਟੈਫਰਡਸ਼ਾਇਰ ਦੇ ਨੈਸ਼ਨਲ ਮੈਮੋਰੀਅਲ ਅਰਬੌਰਟਮ ਵਿਖੇ ਜਪਾਨ ਜਿੱਤ ਦੇ 75ਵੇਂ ਵਰ੍ਹੇ ਸੰਬੰਧੀ ਯੁੱਧ ਦੌਰਾਨ ਸ਼ਹੀਦ ਹੋਏ ਜੁਝਾਰੂ ਯੋਧਿਆਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ।

PunjabKesari

ਇਸ ਸਮੇਂ ਪ੍ਰਿੰਸ ਆਫ ਵੇਲਜ਼ ਪ੍ਰਿੰਸ ਚਾਰਲਸ, ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਸਮੇਤ ਸ਼ਾਹੀ ਪਰਿਵਾਰ ਤੇ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਹੀਦਾਂ ਨੂੰ ਯਾਦ ਕੀਤਾ। ਜ਼ਿਕਰਯੋਗ ਹੈ ਕਿ ਹਰ ਸਾਲ ਹੁੰਦੇ ਸ਼ਰਧਾਂਜਲੀ ਸਮਾਗਮ ਵਿੱਚ ਜਿੱਥੇ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਕ ਜੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਉੱਥੇ ਯੁੱਧ ਦੌਰਾਨ ਜਿਉਂਦੇ ਪਰਤੇ ਫੌਜੀਆਂ ਨੂੰ ਵੀ ਖਾਸ ਤੌਰ 'ਤੇ ਬੁਲਾਇਆ ਜਾਂਦਾ ਹੈ ਤਾਂ ਜੋ ਉਹ ਆਪਣੇ ਹੱਥੀਂ ਆਪਣੇ ਵਿਛੜੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਸਕਣ। ਇਸ ਯਾਦਗਾਰੀ ਸਮਾਗਮ ਵਿਚ ਸਿੱਖ ਫੌਜੀਆਂ ਦੇ ਪਰਿਵਾਰਾਂ ਵੱਲੋਂ ਦੇਸ਼ ਭਰ ਵਿੱਚੋਂ ਸ਼ਮੂਲੀਅਤ ਕੀਤੀ ਗਈ। 

PunjabKesari

ਸਕਾਟਲੈਂਡ ਵਿੱਚੋਂ ਵਿਕਟੋਰੀਆ ਕਰਾਸ ਪ੍ਰਾਪਤ ਮਰਹੂਮ ਨਾਇਕ ਗਿਆਨ ਸਿੰਘ ਸੰਘਾ ਦੇ ਫਰਜ਼ੰਦ ਚਰਨਜੀਤ ਸਿੰਘ ਸੰਘਾ, 97 ਸਾਲਾ ਦਰਬਾਰਾ ਸਿੰਘ ਭੁੱਲਰ ਕੋਕਰੀ ਕਲਾਂ ਅਤੇ ਉਨ੍ਹਾਂ ਦੇ ਸਪੁੱਤਰ ਕਮਲਜੀਤ ਸਿੰਘ ਭੁੱਲਰ ਵੱਲੋਂ ਸਟੈਫਰਡਸ਼ਾਇਰ ਯਾਦਗਾਰ ਵਿਖੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ। ਇਸ ਸਮੇਂ ਉਨ੍ਹਾਂ ਨਾਲ ਪ੍ਰਿੰਸ ਚਾਰਲਸ ਵੱਲੋਂ ਵਿਅਕਤੀਗਤ ਤੌਰ 'ਤੇ ਗੱਲਬਾਤ ਕਰਦਿਆਂ ਬਰਤਾਨੀਆ ਲਈ ਨਿਭਾਈਆਂ ਸੇਵਾਵਾਂ ਦੀ ਸਰਾਹਨਾ ਕਰਦਿਆਂ ਧੰਨਵਾਦ ਕੀਤਾ। ਇਸ ਸਮਾਗਮ 'ਚ ਸ਼ਿਰਕਤ ਕਰਨ ਉਪਰੰਤ ਚਰਨਜੀਤ ਸਿੰਘ ਸੰਘਾ ਤੇ ਕਮਲਜੀਤ ਸਿੰਘ ਭੁੱਲਰ ਨੇ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੇ ਪਿਤਾਵਾਂ ਵੱਲੋਂ ਨਿਭਾਈਆਂ ਮਾਣਮੱਤੀਆਂ ਸੇਵਾਵਾਂ 'ਤੇ ਉਹ ਹੀ ਨਹੀਂ ਬਲਕਿ ਸਮੁੱਚਾ ਬਰਤਾਨੀਆ ਫ਼ਖ਼ਰ ਕਰਦਾ ਹੈ। 
 


Lalita Mam

Content Editor

Related News