ਪਾਕਿ ਦੇ ਖੈਬਰ ਪਖਤੂਨਖਵਾ ''ਚ ਸਿੱਖ ਡਾਕਟਰ ਦੀ ਕੋਰੋਨਾ ਕਾਰਨ ਮੌਤ

Tuesday, Jun 02, 2020 - 02:26 AM (IST)

ਪਾਕਿ ਦੇ ਖੈਬਰ ਪਖਤੂਨਖਵਾ ''ਚ ਸਿੱਖ ਡਾਕਟਰ ਦੀ ਕੋਰੋਨਾ ਕਾਰਨ ਮੌਤ

ਪੇਸ਼ਾਵਰ - ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ 1 ਸਿੱਖ ਡਾਕਟਰ ਦੀ ਸੋਮਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਡਾ. ਫਾਗ ਚੰਦ ਸਿੰਘ ਵੈਂਟੀਲੇਟਰ 'ਤੇ ਸਨ ਅਤੇ ਖੈਬਰ ਪਖਤੂਨਖਵਾ ਦੀ ਰਾਜਧਾਨੀ ਪੇਸ਼ਾਵਰ ਸਥਿਤ ਇਕ ਨਿੱਜੀ ਹਸਪਤਾਲ ਵਿਚ ਪਿਛਲੇ 4 ਦਿਨਾਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਡਾ. ਸਿੰਘ ਨੇ ਖੈਬਰ ਮੈਡੀਕਲ ਕਾਲਜ ਨੇ 1980 ਵਿਚ ਐਮ. ਐਮ. ਬੀ. ਐਸ. ਦੀ ਡਿਗਰੀ ਹਾਸਲ ਕੀਤੀ ਸੀ ਅਤੇ ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਜ਼ਿਆ ਓਲ ਹਕ ਨੇ ਖੁਦ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਸੀ।

ਡਾ. ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਖੈਬਰ ਪਖਤੂਨਖਵਾ ਦੇ ਨੌਸ਼ੇਰਾ ਜ਼ਿਲਾ ਹਸਪਤਾਲ ਵਿਚ ਮੈਡੀਕਲ ਅਧਿਕਾਰੀ ਦੇ ਤੌਰ 'ਤੇ ਸ਼ੁਰੂ ਕੀਤੀ ਅਤੇ ਇਸੇ ਜ਼ਿਲੇ ਵਿਚ 3 ਦਹਾਕਿਆਂ ਤੱਕ ਰਹੇ। ਉਹ ਡਿਪਟੀ ਮੈਡੀਕਲ ਸੁਪਰਡੈਂਟ ਅਹੁਦੇ ਤੋਂ ਚਾਰ ਸਾਲ ਪਹਿਲਾਂ ਰਿਟਾਇਰਡ ਹੋਏ ਸਨ। ਡਾ. ਸਿੰਘ ਆਪਣੀ ਈਮਾਨਦਾਰੀ ਲਈ ਮਸ਼ਹੂਰ ਸਨ ਅਤੇ ਗਰੀਬ ਮਰੀਜ਼ਾਂ ਦਾ ਮੁਫਤ ਵਿਚ ਇਲਾਜ ਕਰਦੇ ਸਨ। ਪਰਿਵਾਰ ਵਿਚ ਉਨ੍ਹਾਂ ਦੀ ਪਤਨੀ 2 ਪੁੱਤਰ - ਡਾ. ਗੁਰਮੀਤ ਕੁਮਾਰ ਅਤੇ ਡਾ. ਜੈਤਨ ਕੁਮਾਰ ਅਤੇ ਧੀ ਸਵੀਟੀ ਹੈ। ਨੌਸ਼ੇਰਾ ਜ਼ਿਲਾ ਦੇ ਡਿਪਟੀ ਕਮਿਸ਼ਨਰ ਸ਼ਾਹਿਦ ਅਲੀ ਖਾਨ ਨੇ ਦੱਸਿਆ ਕਿ ਸਿੰਘ ਦੇ ਪੁੱਤਰ ਜੈਤਨ ਕੁਮਾਰ ਜ਼ਿਲਾ ਕੋਰੋਨਾ ਕਾਰਵਾਈ ਦਲ ਦੇ ਪ੍ਰਮੁੱਖ ਹਨ। ਸਿੱਖ ਘੱਟ ਗਿਣਤੀ ਭਾਈਚਾਰੇ ਦੇ ਨੇਤਾ ਸੁਰੇਸ਼ ਕੁਮਾਰ ਅਤੇ ਅਸ਼ੋਕ ਕੁਮਾਰ ਨੇ ਡਾ. ਸਿੰਘ ਨੂੰ ਸ਼ਰਧਾਂਜਲੀ ਦਿੱਤੀ ਅਤੇ ਸਮਾਜ ਲਈ ਕੀਤੀ ਗਈ ਉਨ੍ਹਾਂ ਦੀ ਸੇਵਾ ਨੂੰ ਯਾਦ ਕੀਤਾ।


author

Khushdeep Jassi

Content Editor

Related News