ਮੋਗਲੀ ਗਰਲ ਦੇ ਨਾਮ ਨਾਲ ਮਸ਼ਹੂਰ ਬੱਚੀ ਹੁਣ ਇਸ ਆਰਟ ਕਾਰਨ ਆਈ ਸੁਰਖੀਆਂ ''ਚ

Thursday, Oct 25, 2018 - 05:57 PM (IST)

ਮੋਗਲੀ ਗਰਲ ਦੇ ਨਾਮ ਨਾਲ ਮਸ਼ਹੂਰ ਬੱਚੀ ਹੁਣ ਇਸ ਆਰਟ ਕਾਰਨ ਆਈ ਸੁਰਖੀਆਂ ''ਚ

ਮਾਸਕੋ (ਬਿਊਰੋ)— ਸਾਈਬੇਰੀਆ ਦੇ ਸੰਘਣੇ ਜੰਗਲਾਂ ਵਿਚ 2 ਹਫਤੇ ਤੱਕ ਰਹਿ ਕੇ ਸੁਰਖੀਆਂ ਵਿਚ ਰਹਿਣ ਵਾਲੀ 'ਮੋਗਲੀ ਗਰਲ' ਕਰੀਨਾ ਚਿਕਿਟੋਵਾ (8) ਹੁਣ ਬੈਲੇਟ ਸਟਾਰ ਬਣ ਕੇ ਸ਼ੋਹਰਤ ਦੀ ਬੁਲੰਦੀ ਛੂਹਣ ਦੀ ਕੋਸ਼ਿਸ਼ ਕਰ ਰਹੀ ਹੈ। ਕਰੀਨਾ ਬਹੁਤ ਗੰਭੀਰਤਾ ਨਾਲ ਬੈਲੇ ਡਾਂਸ ਦੀਆਂ ਬਰੀਕਿਆਂ ਨੂੰ ਸਿੱਖ ਰਹੀ ਹੈ। ਉਸ ਦੇ ਟ੍ਰੇਨਰ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਬੈਲੇ ਡਾਂਸ ਵਿਚ ਵੱਡਾ ਨਾਮ ਕਮਾਏਗੀ।

PunjabKesari

ਕਰੀਨਾ ਅੱਜ ਵੀ ਉਸ ਦਿਨ ਨੂੰ ਯਾਦ ਕਰ ਕੇ ਡਰ ਜਾਂਦੀ ਹੈ ਜਦੋਂ 4 ਸਾਲ ਦੀ ਉਮਰ ਵਿਚ ਉਸ ਨੂੰ ਸਾਈਬੇਰੀਆ ਦੇ ਉਜਾੜ ਜੰਗਲਾਂ ਵਿਚ 15 ਦਿਨ ਬਿਤਾਉਣੇ ਪਏ ਸੀ। ਸਾਈਬੇਰੀਆ ਦਾ ਜੰਗਲ ਭੂਰੇ ਭਾਲੂਆਂ ਅਤੇ ਭੇੜੀਆਂ ਨਾਲ ਭਰਿਆ ਹੋਇਆ ਹੈ। ਕਰੀਨਾ ਨੇ 15 ਦਿਨ ਬੇਰੀ ਖਾ ਕੇ ਅਤੇ ਨਦੀ ਦਾ ਪਾਣੀ ਪੀ ਕੇ ਬਿਤਾਏ ਸਨ। ਸੋਣ ਲਈ ਉਸ ਕੋਲ ਘਾਹ ਦਾ ਬਿਸਤਰਾ ਸੀ। ਉਸ ਸਮੇਂ ਕਰੀਨਾ ਦਾ ਇਕੋ ਇਕ ਸਹਾਰਾ ਉਸ ਦਾ ਕੁੱਤਾ ਸੀ ਜਿਸ ਨਾਲ ਲਿਪਟ ਕੇ ਉਹ ਸੌਂ ਜਾਂਦੀ ਸੀ। ਬਾਅਦ ਵਿਚ ਉਸ ਦਾ ਕੁੱਤਾ ਵੀ ਭੱਜ ਗਿਆ। ਫਿਰ ਉਸੇ ਕੁੱਤੇ ਦੀ ਮਦਦ ਨਾਲ ਬਚਾਅ ਕਰਮਚਾਰੀਆਂ ਨੇ ਕਰੀਨਾ ਨੂੰ ਲੱਭਿਆ। ਇੱਥੇ ਦੱਸ ਦਈਏ ਕਿ ਕਰੀਨਾ ਆਪਣੇ ਪਿਤਾ ਨਾਲ ਜੰਗਲ ਵਿਚ ਗਈ ਸੀ ਪਰ ਵਿਛੜ ਕੇ ਪਿੱਛੇ ਰਹਿ ਗਈ ਸੀ।

PunjabKesari

ਜਦੋਂ ਬਚਾਅ ਕਰਮਚਾਰੀ ਕਰੀਨਾ ਤੱਕ ਪਹੁੰਚੇ ਤਾਂ ਉਨ੍ਹਾਂ ਨੂੰ ਦੇਖ ਕੇ ਕਰੀਨਾ ਰੋਣ ਲੱਗ ਪਈ ਸੀ। ਉਸ ਨੇ ਬਚਾਅ ਕਰਮਚਾਰੀਆਂ ਤੋਂ ਖਾਣਾ ਅਤੇ ਪਾਣੀ ਮੰਗਿਆ। ਕਰੀਨਾ ਨੂੰ ਦੇਖ ਕੇ ਬਚਾਅ ਕਰਮਚਾਰੀ ਵੀ ਉਸ ਦੀ ਹਾਲਤ ਦੇਖ ਹੈਰਾਨ ਰਹਿ ਗਏ ਸਨ।

PunjabKesari
ਹਾਦਸੇ ਦੇ 4 ਸਾਲ ਬਾਅਦ ਕਰੀਨਾ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਜਿਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਉਸ ਨੇ ਆਪਣੇ ਘਰ ਤੋਂ 350 ਮੀਲ ਦੂਰ ਬੈਲੇਟ ਬੋਰਡਿੰਗ ਸਕੂਲ ਵਿਚ ਦਾਖਲਾ ਲਿਆ ਹੈ। ਇਸ ਮਾਮਲੇ ਵਿਚ ਉਸ ਦੇ ਅਧਿਆਪਕ ਕਹਿੰਦੇ ਹਨ ਕਿ ਉਹ ਸਖਤ ਮਿਹਨਤ ਕਰਨ ਵਾਲੀ, ਅਭਿਲਾਸ਼ੀ ਅਤੇ ਬਿਹਤਰ ਅਦਾਕਾਰਾ ਹੈ। ਕਰੀਨਾ ਭਵਿੱਖ ਵਿਚ ਇਕ ਬਿਹਤਰੀਨ ਬੈਲੇ ਡਾਂਸਰ ਬਣੇਗੀ। ਕਰੀਨਾ ਹੁਣ 8 ਸਾਲ ਦੀ ਹੋ ਚੁੱਕੀ ਹੈ। ਉਸ ਦਾ ਕਹਿਣਾ ਹੈ ਕਿ ਉਹ ਸਟੇਜ 'ਤੇ ਆਪਣੇ ਡਾਂਸ ਦਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ। ਉਸ ਨੇ ਜੌਹ ਹਾਰਪ ਅਤੇ ਪਿਆਨੋ ਵਜਾਉਣਾ ਵੀ ਸਿੱਖ ਲਿਆ ਹੈ।

PunjabKesari

ਬੈਲੇਟ ਅਕੈਡਮੀ ਦੇ ਇੰਚਾਰਜ ਇਕਤਰੀਨਾ ਅਮਾਸੋਵਾ ਦਾ ਕਹਿਣਾ ਹੈ ਕਿ ਕਰੀਨਾ ਜਦੋਂ ਅਕੈਡਮੀ ਵਿਚ ਆਈ ਸੀ ਤਾਂ ਕਾਫੀ ਰਿਜ਼ਰਵ ਸੁਭਾਅ ਦੀ ਸੀ ਪਰ ਹੁਣ ਉਸ ਵਿਚ ਕਾਫੀ ਤਬਦੀਲੀ ਆਈ ਹੈ। ਕਰੀਨਾ ਜ਼ਿਆਦਾਤਰ ਸਮਾਂ ਆਪਣੇ ਪਰਿਵਾਰ ਤੋਂ ਦੂਰ ਰਹਿੰਦੀ ਹੈ ਪਰ ਛੁੱਟੀਆਂ ਵਿਚ ਉਹ ਆਪਣੀ ਮਾਂ ਨੂੰ ਮਿਲਣ ਜ਼ਰੂਰ ਜਾਂਦੀ ਹੈ।


Related News