ਲੰਡਨ ''ਚ ਗੁੰਡਾਗਰਦੀ ਦਾ ਵਿਖਾਵਾ ਕਰਦਿਆਂ ਕੀਤੀ ਗਈ ਗੋਲੀਬਾਰੀ
Friday, Jul 16, 2021 - 11:50 AM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨੀਆ ਦੀ ਰਾਜਧਾਨੀ ਲੰਡਨ ਵਿੱਚ ਹਿੰਸਕ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ। ਇਸ ਦੀ ਇੱਕ ਤਾਜਾ ਘਟਨਾ ਸੋਮਵਾਰ ਦੀ ਰਾਤ ਨੂੰ ਉੱਤਰੀ ਲੰਡਨ ਵਿੱਚ ਵਾਪਰੀ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰੀ ਲੰਡਨ ਦੇ ਇੱਕ ਭੀੜ ਭਰੇ ਇਲਾਕੇ ਵਿੱਚ ਕੁੱਝ ਹਥਿਆਰਬੰਦ ਵਿਅਕਤੀਆਂ ਵੱਲੋਂ ਤਿੰਨ ਹੋਰ ਵਿਅਕਤੀਆਂ ਦਾ ਪਿੱਛਾ ਕਰਨ ਦੇ ਬਾਅਦ ਗੋਲੀਬਾਰੀ ਕੀਤੀ ਗਈ। ਪੁਲਸ ਨੇ ਦੱਸਿਆ ਕਿ ਇੱਕ ਬੰਦੂਕਧਾਰੀ ਸਮੂਹ ਸੋਮਵਾਰ ਰਾਤ 9.45 ਵਜੇ ਦੇ ਕਰੀਬ ਵੁਡ ਹਾਈ ਰੋਡ 'ਤੇ ਦੁਕਾਨ ਵਿੱਚ ਦਾਖਲ ਹੋਇਆ, ਜਿੱਥੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਇੰਗਲੈਂਡ ਫੁੱਟਬਾਲ ਟੀਮ ਦੇ ਖਿਡਾਰੀਆਂ ਨਾਲ ਨਸਲੀ ਦੁਰਵਿਵਹਾਰ ਮਾਮਲੇ 'ਚ ਪੰਜ ਗ੍ਰਿਫ਼ਤਾਰ
ਤਿੰਨ ਵਿਅਕਤੀਆਂ ਵਿਚੋਂ ਇੱਕ 27 ਸਾਲਾ ਨੌਜਵਾਨ ਦੇ ਮੋਢੇ 'ਤੇ ਗੋਲੀ ਲੱਗੀ ਤੇ ਦੁਕਾਨ ਵਿਚਲੇ ਸਟਾਫ ਦੇ ਮੈਂਬਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਇਸ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਫਿਰ ਲੋਕ ਸੰਭਾਵਿਤ ਤੌਰ 'ਤੇ ਸਿਲਵਰ ਰੰਗ ਦੀ ਕਾਰ ਵਿੱਚ ਭੱਜ ਗਏ। 27 ਸਾਲਾਂ ਪੀੜਤ ਨੌਜਵਾਨ ਦਾ ਹਸਪਤਾਲ ਵਿੱਚ ਇਲਾਜ ਕੀਤਾ ਗਿਆ। ਪੁਲਸ ਅਨੁਸਾਰ ਅਜੇ ਤੱਕ ਇਸ ਹਮਲੇ ਦਾ ਕੋਈ ਉਦੇਸ਼ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਕੀਤੀ ਗਈ ਹੈ। ਜਦਕਿ ਪੁਲਸ ਵਿਭਾਗ ਦੁਆਰਾ ਇਸ ਗੋਲੀਬਾਰੀ ਦੀ ਜਾਂਚ ਜਾਰੀ ਹੈ।