ਨਿਊ ਮੈਕਸੀਕੋ ਦੇ ਹਵਾਈ ਫ਼ੌਜ ਅੱਡੇ ’ਤੇ ਗੋਲੀਬਾਰੀ, ਇਕ ਦੀ ਮੌਤ
Wednesday, Mar 18, 2026 - 11:10 PM (IST)
ਅਲਾਮੋਗੋਰਡੋ (ਭਾਸ਼ਾ) – ਨਿਊ ਮੈਕਸੀਕੋ ਦੇ ਹੋਲੋਮੈਨ ਹਵਾਈ ਫ਼ੌਜ ਅੱਡੇ ’ਤੇ ਮੰਗਲਵਾਰ ਸ਼ਾਮ ਨੂੰ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਫ਼ੌਜੀ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਅੱਡੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ੱਕੀ ਹਮਲਾਵਰ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਾਮ ਸਾਢੇ 5 ਵਜੇ ਕੰਪਲੈਕਸ ਨੂੰ ਬੰਦ ਕਰ ਦਿੱਤਾ ਗਿਆ ਸੀ। ਗੋਲੀਬਾਰੀ ਵਿਚ ਜ਼ਖ਼ਮੀ ਹੋਏ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਅੱਡਾ ਸੁਰੱਖਿਅਤ ਹੈ ਅਤੇ ਆਮ ਸਰਗਰਮੀਆਂ ਬਹਾਲ ਕਰ ਦਿੱਤੀਆਂ ਗਈਆਂ ਹਨ। ਬਿਆਨ ਵਿਚ ਕਿਹਾ ਗਿਆ, “ਐਮਰਜੈਂਸੀ ਕਰਮਚਾਰੀ ਸਥਿਤੀ ਨਾਲ ਨਜਿੱਠ ਰਹੇ ਹਨ ਅਤੇ ਫਿਲਹਾਲ ਕੋਈ ਖ਼ਤਰਾ ਨਹੀਂ।” ਜ਼ਖ਼ਮੀ ਤੇ ਮ੍ਰਿਤਕ ਦੇ ਨਾਂ ਅਤੇ ਘਟਨਾ ਨਾਲ ਜੁੜੀ ਹੋਰ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ ਗਈ।
