ਇਮਰਾਨ ਖਾਨ ਦੀ ਪਾਰਟੀ ਨੂੰ ਝਟਕਾ, ਪੰਜਾਬ 'ਚ ਤਿੰਨ ਆਜ਼ਾਦ ਉਮੀਦਵਾਰ ਵਿਰੋਧੀ ਪਾਰਟੀ 'ਚ ਸ਼ਾਮਲ

Thursday, Feb 15, 2024 - 11:46 AM (IST)

ਇਮਰਾਨ ਖਾਨ ਦੀ ਪਾਰਟੀ ਨੂੰ ਝਟਕਾ, ਪੰਜਾਬ 'ਚ ਤਿੰਨ ਆਜ਼ਾਦ ਉਮੀਦਵਾਰ ਵਿਰੋਧੀ ਪਾਰਟੀ 'ਚ ਸ਼ਾਮਲ

ਲਾਹੌਰ (ਭਾਸ਼ਾ): ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੂੰ ਝਟਕਾ ਦਿੰਦੇ ਹੋਏ ਪੰਜਾਬ ਸੂਬਾਈ ਅਸੈਂਬਲੀ ਵਿਚ ਇਸ ਦੇ ਸਮਰਥਨ ਵਾਲੇ ਤਿੰਨ ਆਜ਼ਾਦ ਮੈਂਬਰ ਵਿਰੋਧੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਸੂਬਾਈ ਅਸੈਂਬਲੀ 'ਚ ਅੱਠ ਹੋਰ ਆਜ਼ਾਦ ਮੈਂਬਰ ਅਤੇ ਨੈਸ਼ਨਲ ਅਸੈਂਬਲੀ 'ਚ ਇਕ ਮੈਂਬਰ ਚੁਣੇ ਜਾਣ 'ਚ ਸਫਲ ਹੋ ਗਈ ਹੈ। ਇਸ ਨਾਲ ਨੈਸ਼ਨਲ ਅਸੈਂਬਲੀ ਵਿੱਚ ਇਸ ਦੀਆਂ ਸੀਟਾਂ ਦੀ ਗਿਣਤੀ 80 ਅਤੇ ਪੰਜਾਬ ਅਸੈਂਬਲੀ ਵਿੱਚ 150 ਤੋਂ ਵੱਧ ਹੋ ਗਈ ਹੈ। 

ਪੰਜਾਬ ਵਿੱਚ ਪੀ.ਐਮ.ਐਲ-ਐਨ ਨੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ। ਪੰਜਾਬ ਅਸੈਂਬਲੀ ਦੇ ਤਿੰਨ ਪੀ.ਟੀ.ਆਈ ਸਮਰਥਿਤ ਮੈਂਬਰਾਂ ਨੇ ਅਲੀਮ ਖਾਨ ਦੀ ਇਸਤਿਕਾਮ-ਏ-ਪਾਕਿਸਤਾਨ ਪਾਰਟੀ (ਆਈ.ਪੀ.ਪੀ) ਨਾਲ ਹੱਥ ਮਿਲਾਇਆ ਹੈ। ਆਈ.ਪੀ.ਪੀ ਦੇ ਮੁੱਖ ਸਰਪ੍ਰਸਤ ਜਹਾਂਗੀਰ ਖ਼ਾਨ ਤਰੀਨ ਦੇ ਅਸਤੀਫ਼ੇ ਤੋਂ ਬਾਅਦ ਅਲੀਮ ਪਾਰਟੀ ਦਾ ਕੰਮਕਾਜ ਸੰਭਾਲ ਰਹੇ ਹਨ। ਇਹ ਪਾਰਟੀ 9 ਮਈ ਨੂੰ ਹੋਈ ਹਿੰਸਾ ਤੋਂ ਬਾਅਦ ਇਮਰਾਨ ਖਾਨ ਦੀ ਪੀ.ਟੀ.ਆਈ ਤੋਂ ਵੱਖ ਹੋ ਕੇ ਬਣਾਈ ਗਈ ਸੀ। ਅਲੀਮ ਕਥਿਤ ਤੌਰ 'ਤੇ ਤਾਕਤਵਰ ਅਦਾਰੇ ਦੀ ਮਦਦ ਨਾਲ ਪੰਜਾਬ ਵਿਚ ਆਪਣੀ ਗਿਣਤੀ ਵਧਾਉਣ ਲਈ ਪੀ.ਟੀ.ਆਈ ਸਮਰਥਿਤ ਆਜ਼ਾਦ ਉਮੀਦਵਾਰਾਂ ਨੂੰ ਆਪਣੇ ਘੇਰੇ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਜਾ ਰਹੇ 11 ਭਾਰਤੀ ਬਣਾ ਲਏ ਗਏ ਬੰਧਕ, ਨੇਪਾਲ ਪੁਲਸ ਨੇ ਕਰਾਏ ਰਿਹਾਅ

ਸੂਬਾਈ ਅਸੈਂਬਲੀ ਲਈ ਚੁਣੇ ਗਏ ਤਿੰਨ ਪੀ.ਟੀ.ਆਈ ਸਮਰਥਿਤ ਮੈਂਬਰ - ਸਰਦਾਰ ਅਵੈਸ ਦ੍ਰਾਸਿਕ, ਜ਼ਾਹਿਦ ਇਸਮਾਈਲ ਭੱਟਾ ਅਤੇ ਹਾਫਿਜ਼ ਤਾਹਿਰ ਕੈਸਰਾਨੀ ਅਤੇ ਇੱਕ ਹੋਰ ਆਜ਼ਾਦ ਮੈਂਬਰ ਗਜ਼ਨਫਰ ਅੱਬਾਸ ਚੀਨਾ ਨੇ ਲਾਹੌਰ ਵਿੱਚ ਅਲੀਮ ਨਾਲ ਮੁਲਾਕਾਤ ਕੀਤੀ ਅਤੇ ਆਈ.ਪੀ.ਪੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅਲੀਮ ਨੇ ਦਾਅਵਾ ਕੀਤਾ ਕਿ ਸੂਬਾਈ ਅਸੈਂਬਲੀ ਵਿੱਚ ਪੀ.ਟੀ.ਆਈ ਦੇ ਸਮਰਥਨ ਵਾਲੇ 10 ਤੋਂ 15 ਮੈਂਬਰਾਂ ਦਾ ਇੱਕ ਹੋਰ ਸਮੂਹ ਜਲਦੀ ਹੀ ਆਈ.ਪੀ.ਪੀ ਵਿੱਚ ਸ਼ਾਮਲ ਹੋਵੇਗਾ ਅਤੇ ਉਹ ਉਨ੍ਹਾਂ ਦੇ ਸੰਪਰਕ ਵਿੱਚ ਹੈ। ਸਿੰਧ ਵਿੱਚ ਪੀ.ਟੀ.ਆਈ ਸਮਰਥਿਤ ਚੌਥਾ ਮੈਂਬਰ ਏਜਾਜ਼ ਸਵਾਤੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ) ਵਿੱਚ ਸ਼ਾਮਲ ਹੋ ਗਿਆ ਹੈ। ਹੁਣ ਤੱਕ ਪੰਜ ਚੁਣੇ ਗਏ ਮੈਂਬਰ ਇਮਰਾਨ ਖਾਨ ਦੀ ਪਾਰਟੀ ਛੱਡ ਚੁੱਕੇ ਹਨ। ਕੇਂਦਰ ਅਤੇ ਪੰਜਾਬ ਵਿੱਚ ਪੀ.ਐਮ.ਐਲ-ਐਨ ਦੀ ਸਥਿਤੀ ਨੂੰ ਮਜ਼ਬੂਤ ​​ਕਰਨ ਅਤੇ ਪਾਰਟੀ ਵਿੱਚ ਹੋਰ ਮੈਂਬਰਾਂ ਨੂੰ ਸ਼ਾਮਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸੂਤਰਾਂ ਨੇ ਕਿਹਾ ਕਿ ਪੀ.ਐਮ.ਐਲ-ਐਨ ਅਤੇ ਇਸ ਦੀ ਸਹਿਯੋਗੀ ਆਈ.ਪੀ.ਪੀ ਦਾ ਉਦੇਸ਼ ਪੀ.ਟੀ.ਆਈ ਦੁਆਰਾ ਸਮਰਥਤ ਬਹੁਤ ਸਾਰੇ ਆਜ਼ਾਦ ਉਮੀਦਵਾਰਾਂ ਨੂੰ ਆਪਣੇ ਕੈਂਪ ਵਿੱਚ ਸ਼ਾਮਲ ਕਰਨਾ ਹੈ ਤਾਂ ਜੋ ਉਹ ਭਵਿੱਖ ਵਿੱਚ ਪੀ.ਪੀ.ਪੀ 'ਤੇ ਜ਼ਿਆਦਾ ਨਿਰਭਰ ਨਾ ਹੋਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News