ਚੀਨ ਨੂੰ ਝਟਕਾ, ਆਸਟ੍ਰੇਲੀਆ ਨਾਲ ਗੱਲਬਾਤ ਤੋਂ ਬਾਅਦ ਸੋਲੋਮਨ ਟਾਪੂ ਨੇ ਕੀਤਾ ਅਹਿਮ ਐਲਾਨ
Sunday, May 08, 2022 - 11:24 AM (IST)
ਕੈਨਬਰਾ (ਬਿਊਰੋ): ਆਸਟ੍ਰੇਲੀਆ ਅਤੇ ਸੋਲੋਮਨ ਟਾਪੂ ਦੇ ਨੇਤਾਵਾਂ ਵਿਚਾਲੇ ਗੱਲਬਾਤ ਤੋਂ ਬਾਅਦ ਚੀਨ ਦੀਆਂ ਇੱਛਾਵਾਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਸੋਲੋਮਨ ਟਾਪੂ ਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣੀ ਧਰਤੀ 'ਤੇ ਕਿਸੇ ਵੀ ਵਿਦੇਸ਼ੀ ਫ਼ੌਜੀ ਟਿਕਾਣੇ ਬਣਾਉਣ ਦੀ ਇਜਾਜ਼ਤ ਨਹੀਂ ਦੇਵੇਗਾ। ਇਸ ਐਲਾਨ ਨੂੰ ਬੀਜਿੰਗ ਲਈ ਵੱਡੀ ਕੂਟਨੀਤਕ ਹਾਰ ਵਜੋਂ ਦੇਖਿਆ ਜਾ ਰਿਹਾ ਹੈ। ਦਰਅਸਲ ਕੁਝ ਦਿਨ ਪਹਿਲਾਂ ਚੀਨ ਨੇ ਸੋਲੋਮਨ ਟਾਪੂ ਨਾਲ ਨਵੇਂ ਸੁਰੱਖਿਆ ਸਮਝੌਤੇ ਦਾ ਐਲਾਨ ਕੀਤਾ ਸੀ। ਚੀਨ ਨੇ ਦਾਅਵਾ ਕੀਤਾ ਸੀ ਕਿ ਸੋਲੋਮਨ ਟਾਪੂ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਉਣ ਦੇ ਉਦੇਸ਼ ਨਾਲ ਇਹ ਸਮਝੌਤਾ ਆਪਸੀ ਲਾਭਕਾਰੀ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ ਅਤੇ ਜਾਪਾਨ ਨੇ ਇਸ ਸਮਝੌਤੇ 'ਤੇ ਇਤਰਾਜ਼ ਜਤਾਇਆ ਸੀ।
ਆਸਟ੍ਰੇਲੀਆਈ ਵਿਦੇਸ਼ ਮੰਤਰੀ ਨੇ ਸੋਲੋਮਨ ਟਾਪੂ ਨੇਤਾ ਨਾਲ ਕੀਤੀ ਗੱਲ
ਚੀਨ ਨਾਲ ਸੁਰੱਖਿਆ ਸੌਦੇ ਨੂੰ ਲੈ ਕੇ ਸੋਲੋਮਨ ਟਾਪੂ ਦੇ ਵਿਦੇਸ਼ ਮੰਤਰੀ ਜੇਰੇਮੀ ਮੈਨੇਲੇ ਨਾਲ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮਾਰਿਸ ਪੇਨੇ ਨੇ ਪਹਿਲੀ ਵਾਰ ਮੁਲਾਕਾਤ ਕੀਤੀ। ਇਸ ਦੌਰਾਨ ਆਸਟ੍ਰੇਲੀਆ ਨੇ ਸੋਲੋਮਨ ਟਾਪੂ ਦੇ ਵਿਦੇਸ਼ ਮੰਤਰੀ ਨੂੰ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਾਰਿਸ ਪੇਨੇ ਨੇ ਕਿਹਾ ਕਿ ਉਹਨਾਂ ਨੇ ਪੂਰਬੀ ਤੱਟਵਰਤੀ ਸ਼ਹਿਰ ਬ੍ਰਿਸਬੇਨ ਵਿੱਚ ਸੋਲੋਮਨ ਟਾਪੂ ਵਿਕਾਸ ਯੋਜਨਾ ਅਤੇ ਸਹਾਇਤਾ ਤਾਲਮੇਲ ਮੰਤਰੀ ਜੇਰੇਮੀ ਮੈਨੇਲੇ ਨਾਲ ਮੁਲਾਕਾਤ ਕੀਤੀ। ਚੀਨ ਨੇ ਇਸ ਬੈਠਕ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਕੈਨੇਡਾ ਨੇ ਤਾਲਿਬਾਨ ਦੇ ਔਰਤਾਂ ਨੂੰ 'ਬੁਰਕਾ' ਪਾਉਣ ਲਈ ਮਜਬੂਰ ਕਰਨ ਦੇ ਫ਼ੈਸਲੇ ਦੀ ਕੀਤੀ ਨਿੰਦਾ
ਮਾਰਿਸ ਪੇਨੇ ਦੇ ਦਫਤਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਆਸਟ੍ਰੇਲੀਆ ਨੇ ਹਮੇਸ਼ਾ ਹੀ ਸੋਲੋਮਨ ਟਾਪੂ ਦੀ ਪ੍ਰਭੂਸੱਤਾ ਅਤੇ ਫ਼ੈਸਲੇ ਲੈਣ ਦੀ ਆਜ਼ਾਦੀ ਦਾ ਸਨਮਾਨ ਕੀਤਾ ਹੈ। ਹਾਲਾਂਕਿ, ਅਸੀਂ ਚੀਨ ਦੇ ਨਾਲ ਸੁਰੱਖਿਆ ਸਮਝੌਤੇ ਵਿੱਚ ਪਾਰਦਰਸ਼ਤਾ ਦੀ ਕਮੀ ਸਮੇਤ, ਉਨ੍ਹਾਂ ਦੇ ਨੇਤਾਵਾਂ ਨੂੰ ਆਪਣੀਆਂ ਹੋਰ ਚਿੰਤਾਵਾਂ ਤੋਂ ਜਾਣੂ ਕਰਾਇਆ ਹੈ। ਪੇਨੇ ਦੇ ਦਫਤਰ ਨੇ ਕਿਹਾ ਕਿ ਦੋਵੇਂ ਨੇਤਾ ਇਸ ਗੱਲ 'ਤੇ ਸਹਿਮਤ ਹੋਏ ਕਿ ਆਸਟ੍ਰੇਲੀਆ ਸੋਲੋਮਨ ਟਾਪੂ ਦਾ ਮਜ਼ਬੂਤਅਤੇ ਭਰੋਸੇਮੰਦ ਸੁਰੱਖਿਆ ਭਾਈਵਾਲ ਬਣਿਆ ਰਹੇਗਾ ਅਤੇ ਸੋਲੋਮਨ ਟਾਪੂ ਆਸਟ੍ਰੇਲੀਆ ਦੇ ਉੱਤਰ-ਪੂਰਬੀ ਤੱਟ ਤੋਂ 2,000 ਕਿਲੋਮੀਟਰ ਤੋਂ ਘੱਟ ਦੂਰੀ 'ਤੇ ਕੋਈ ਵਿਦੇਸ਼ੀ ਫ਼ੌਜੀ ਬੇਸ ਸਥਾਪਿਤ ਨਹੀਂ ਹੋਣ ਦੇਵੇਗਾ।
ਚੀਨ-ਸੋਲੋਮਨ ਸਮਝੌਤੇ ਨੇ ਵਧਾਈ ਆਸਟ੍ਰੇਲੀਆ ਦੀ ਚਿੰਤਾ
ਇਸ ਸਮਝੌਤੇ ਦਾ ਸਭ ਤੋਂ ਜ਼ਿਆਦਾ ਅਸਰ ਆਸਟ੍ਰੇਲੀਆ 'ਤੇ ਪੈਣ ਦੀ ਸੰਭਾਵਨਾ ਹੈ। ਦਰਅਸਲ, ਇਸ ਸਮਝੌਤੇ ਕਾਰਨ ਚੀਨ ਨੂੰ ਸੋਲੋਮਨ ਟਾਪੂ ਵਿੱਚ ਇੱਕ ਫ਼ੌਜੀ ਅੱਡਾ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜੋ ਪ੍ਰਸ਼ਾਂਤ ਮਹਾਸਾਗਰ ਦੇ ਖੇਤਰ ਵਿੱਚ ਚੀਨ ਦਾ ਪਹਿਲਾ ਫ਼ੌਜੀ ਅੱਡਾ ਹੋਵੇਗਾ। ਆਸਟ੍ਰੇਲੀਆ ਅਤੇ ਅਮਰੀਕਾ ਦੀਆਂ ਚਿੰਤਾਵਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਇਸ ਸਮਝੌਤੇ ਨੂੰ ਰੋਕਣ ਦੀ ਉਮੀਦ ਵਿਚ ਆਪਣਾ ਇਕ ਵਫ਼ਦ ਸੋਲੋਮਨ ਟਾਪੂ ਭੇਜਿਆ ਸੀ।
ਜ਼ਿਕਰਯੋਗ ਹੈ ਕਿ ਚੀਨ ਅਤੇ ਸੋਲੋਮਨ ਟਾਪੂ ਵਿਚਾਲੇ ਸੁਰੱਖਿਆ ਸਮਝੌਤੇ 'ਤੇ ਚਰਚਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਸੀ। ਲੀਕ ਹੋਏ ਡਰਾਫਟ ਦਸਤਾਵੇਜ਼ ਦੇ ਅਨੁਸਾਰ ਸੌਦੇ ਤੋਂ ਬਾਅਦ ਸੋਲੋਮਨ ਟਾਪੂਆਂ ਕੋਲ ਸਮਾਜਿਕ ਵਿਵਸਥਾ ਬਣਾਈ ਰੱਖਣ ਜਾਂ ਆਫ਼ਤ ਰਾਹਤ ਵਿੱਚ ਸਹਾਇਤਾ ਲਈ ਚੀਨ ਤੋਂ ਪੁਲਿਸ ਜਾਂ ਫ਼ੌਜੀ ਕਰਮਚਾਰੀਆਂ ਦੀ ਬੇਨਤੀ ਕਰਨ ਦੀ ਯੋਗਤਾ ਹੋਵੇਗੀ।
ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।