ਸੈਪਸਿਸ ਦੀ ਮਿੰਟਾਂ ’ਚ ਪਛਾਣ ਕਰੇਗੀ ਨਵੀਂ ਜਾਂਚ
Sunday, Feb 24, 2019 - 08:49 AM (IST)
ਲੰਡਨ, (ਭਾਸ਼ਾ) –ਵਿਗਿਆਨੀਆਂ ਨੇ ਇਕ ਅਜਿਹੀ ਜਾਂਚ ਵਿਕਸਿਤ ਕੀਤੀ ਹੈ, ਜੋ ਸਿਰਫ ਕੁਝ ਮਿੰਟਾਂ ਦੇ ਅੰਦਰ ਸੈਪਸਿਸ ਦੀ ਪਛਾਣ ਕਰ ਸਕਦੀ ਹੈ। ਇਸ ਨਵੀਂ ਜਾਂਚ ਨਾਲ ਹਜ਼ਾਰਾਂ ਜ਼ਿੰਦਗੀਅਾਂ ਨੂੰ ਬਚਾਉਣ ’ਚ ਮਦਦ ਮਿਲ ਸਕਦੀ ਹੈ। ਸੈਪਸਿਸ ਦੁਨੀਆ ’ਚ ਮੌਤ ਦੇ ਪ੍ਰਮੁੱਖ ਕਾਰਕਾਂ ’ਚ ਹੈ। ਇਹ ਖੂਨ ਬੈਕਟੀਰੀਆ ਦੀ ਇਨਫੈਕਸ਼ਨ ਨਾਲ ਫੈਲਣ ਵਾਲੀ ਬੀਮਾਰੀ ਹੈ। ਇਸੇ ਕਰਕੇ ਕਈ ਅੰਗ ਕੰਮ ਕਰਨਾ ਵੀ ਬੰਦ ਕਰ ਦਿੰਦੇ ਹਨ।
ਇਹ ਇਨਫੈਕਸ਼ਨ ਕਿਸੇ ਮਾਮੂਲੀ ਝਰੀਟ ਜਾਂ ਕੱਟੇ ਜਾਣ ਨਾਲ ਵੀ ਹੋ ਸਕਦੀ ਹੈ। ਬ੍ਰਿਟੇਨ ਦੀ ਇਕ ਯੂਨੀਵਰਸਿਟੀ ਦੇ ਖੋਜੀਆਂ ਮੁਤਾਬਕ ਨਵੀਂ ਜਾਂਚ ’ਚ ਇਕ ਬਾਇਓਸੈਂਸਰ ਡਿਵਾਈਸ ਮਾਈਕ੍ਰੋਲੈਕਟ੍ਰਾਡ ਦੇ ਇਸਤੇਮਾਲ ਨਾਲ ਖੂਨ ’ਚ ਸੈਪਸਿਸ ਦੇ ਬਾਇਓਮਾਰਕ ਇੰਟਰਲਿਊਕਿਨ-6 (ਆਈ. ਐੱਲ.-6) ਦਾ ਪਤਾ ਲਾਇਆ ਜਾਂਦਾ ਹੈ।
ਖੂਨ ’ਚ ਇਸ ਮੈਲੇਕਿਊਲ ਦਾ ਉੱਚ ਪੱਧਰ ’ਤੇ ਹੋਣਾ ਸੈਪਸਿਸ ਦਾ ਸੰਕੇਤ ਹੋ ਸਕਦਾ ਹੈ। ਆਕਾਰ ’ਚ ਇਹ ਡਿਵਾਈਸ ਛੋਟੀ ਹੈ ਅਤੇ ਮੈਲੇਕਿਊਲ ਦਾ ਸਿਰਫ ਦੋ-ਢਾਈ ਮਿੰਟ ’ਚ ਹੀ ਪਤਾ ਲਾ ਸਕਦੀ ਹੈ ਜਦਕਿ ਮੌਜੂਦਾ ਜਾਂਚ ’ਚ 72 ਘੰਟਿਆਂ ਤੱਕ ਦਾ ਸਮਾਂ ਲੱਗ ਜਾਂਦਾ ਹੈ।