ਸੁਰੱਖਿਆ ਬਲਾਂ ਨੇ ਖੈਬਰ ਪਖਤੂਨਖਵਾ ''ਚ ਮਾਰੇ 13 ਟੀਟੀਪੀ ਅੱਤਵਾਦੀ
Wednesday, Dec 25, 2024 - 08:40 PM (IST)
ਪੇਸ਼ਾਵਰ (ਭਾਸ਼ਾ) : ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਖੁਫੀਆ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨਾਲ ਸਬੰਧਤ ਘੱਟੋ-ਘੱਟ 13 ਅੱਤਵਾਦੀਆਂ ਨੂੰ ਮਾਰ ਦਿੱਤਾ। ਫੌਜ ਨੇ ਇਹ ਜਾਣਕਾਰੀ ਦਿੱਤੀ।
ਫ਼ੌਜ ਦੇ ਮੀਡੀਆ ਵਿੰਗ ਵੱਲੋਂ ਜਾਰੀ ਬਿਆਨ ਮੁਤਾਬਕ ਸੁਰੱਖਿਆ ਬਲਾਂ ਨੇ 24-25 ਦਸੰਬਰ ਨੂੰ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਸਰਰੋਘਾ ਵਿੱਚ ਟੀਟੀਪੀ ਅੱਤਵਾਦੀਆਂ ਦੀ ਕਥਿਤ ਮੌਜੂਦਗੀ 'ਤੇ ਇੱਕ ਆਪਰੇਸ਼ਨ ਚਲਾਇਆ ਸੀ। ਫੌਜ ਨੇ ਦੱਸਿਆ ਕਿ ਆਪਰੇਸ਼ਨ ਦੌਰਾਨ ਭਾਰੀ ਗੋਲੀਬਾਰੀ ਹੋਈ, ਜਿਸ 'ਚ 13 ਅੱਤਵਾਦੀ ਮਾਰੇ ਗਏ। ਅੱਤਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ। ਦੱਖਣੀ ਵਜ਼ੀਰਿਸਤਾਨ ਦੇ ਮਾਕਿਨ 'ਚ ਸ਼ਨੀਵਾਰ ਨੂੰ ਇਕ ਚੈਕ ਪੋਸਟ 'ਤੇ ਹੋਏ ਅੱਤਵਾਦੀ ਹਮਲੇ 'ਚ 16 ਫੌਜੀਆਂ ਦੇ ਮਾਰੇ ਜਾਣ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ। ਬਿਆਨ 'ਚ ਕਿਹਾ ਗਿਆ ਹੈ ਕਿ ਟੀਟੀਪੀ ਅੱਤਵਾਦੀ ਸੁਰੱਖਿਆ ਬਲਾਂ ਦੇ ਖਿਲਾਫ ਕਈ ਅੱਤਵਾਦੀ ਗਤੀਵਿਧੀਆਂ ਦੇ ਨਾਲ-ਨਾਲ ਨਿਰਦੋਸ਼ ਨਾਗਰਿਕਾਂ ਦੀ ਹੱਤਿਆ 'ਚ ਸਰਗਰਮੀ ਨਾਲ ਸ਼ਾਮਲ ਰਹੇ ਹਨ।