ਪਾਕਿਸਤਾਨ ''ਚ ਸੁਰੱਖਿਆ ਕਾਫਲੇ ''ਤੇ ਹਮਲਾ, 22 ਕਰਮਚਾਰੀ ਜ਼ਖ਼ਮੀ

05/28/2023 2:54:07 PM

ਡੇਰਾ ਇਸਮਾਈਲ ਖਾਨ (ਵਾਰਤਾ)  ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਚੇਹਕਾਨ ਖੇਤਰ ਵਿਚ ਸ਼ਨੀਵਾਰ ਨੂੰ ਮੋਟਰਸਾਈਕਲ ਸਵਾਰ ਇਕ ਆਤਮਘਾਤੀ ਹਮਲਾਵਰ ਨੇ ਸੁਰੱਖਿਆ ਬਲ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਘੱਟੋ-ਘੱਟ 22 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਕਿਹਾ ਕਿ "ਜਾਣਕਾਰੀ ਅਨੁਸਾਰ ਇਹ ਧਮਾਕਾ ਇੱਕ ਆਤਮਘਾਤੀ ਹਮਲਾ ਸੀ, ਜਿਸ ਵਿੱਚ ਇੱਕ ਮੋਟਰਸਾਈਕਲ 'ਤੇ ਸਵਾਰ ਇੱਕ ਅਣਪਛਾਤੇ ਆਤਮਘਾਤੀ ਹਮਲਾਵਰ ਨੇ ਸੁਰੱਖਿਆ ਬਲਾਂ ਦੇ ਕਾਫਲੇ ਦੇ ਨੇੜੇ ਖ਼ੁਦ ਨੂੰ ਉਡਾ ਲਿਆ।" 

ਇਸ ਆਤਮਘਾਤੀ ਧਮਾਕੇ 'ਚ ਘੱਟੋ-ਘੱਟ 22 ਸੁਰੱਖਿਆ ਕਰਮਚਾਰੀ ਜ਼ਖਮੀ ਹੋਏ ਹਨ।'' ਫੌਜ ਦੇ ਮੀਡੀਆ ਵਿੰਗ, ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਕਾਫਲਾ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਮਿੰਜਾ ਇਲਾਕੇ ਵੱਲ ਜਾ ਰਿਹਾ ਸੀ, ਜਦੋਂ ਉਸ 'ਤੇ ਹਮਲਾ ਹੋਇਆ। ਆਤਮਘਾਤੀ ਹਮਲੇ ਤੋਂ ਬਾਅਦ ਤੁਰੰਤ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ''ਜ਼ਖ਼ਮੀ ਸੁਰੱਖਿਆ ਕਰਮਚਾਰੀਆਂ ਨੂੰ ਡੇਰਾ ਇਸਮਾਈਲ ਖਾਨ ਦੇ ਸੰਯੁਕਤ ਫੌਜੀ ਹਸਪਤਾਲ 'ਚ ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ 'ਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।'' ਪੁਲਸ ਸੂਤਰਾਂ ਮੁਤਾਬਕ ਕਾਫਲੇ 'ਤੇ ਵਾਨਾ ਪੈਟਰੋਲ ਪੰਪ ਨੇੜੇ ਹਮਲਾ ਕੀਤਾ ਗਿਆ। ਉਸ ਨੇ ਕਿਹਾ ਕਿ ਆਤਮਘਾਤੀ ਹਮਲਾਵਰ ਪਿੱਛੇ ਤੋਂ ਆਇਆ ਅਤੇ ਕਾਫਲੇ ਦੇ ਚੌਥੇ ਵਾਹਨ ਨੇੜੇ ਖ਼ੁਦ ਨੂੰ ਉਡਾ ਲਿਆ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੇ ਕਈ ਹਿੱਸਿਆਂ 'ਚ 6 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ

ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਤਮਘਾਤੀ ਹਮਲਾਵਰ ਪੈਟਰੋਲ ਪੰਪ 'ਤੇ ਹਮਲੇ ਵਾਲੀ ਥਾਂ ਤੋਂ ਕਰੀਬ 400 ਮੀਟਰ ਦੀ ਦੂਰੀ 'ਤੇ ਸੁਰੱਖਿਆ ਬਲਾਂ ਦੇ ਕਾਫਲੇ ਦੀ ਉਡੀਕ ਕਰ ਰਿਹਾ ਸੀ। ਹਮਲੇ ਤੋਂ ਤੁਰੰਤ ਬਾਅਦ ਜ਼ਿਲ੍ਹਾ ਪੁਲਿਸ ਅਧਿਕਾਰੀ (ਡੀਪੀਓ) ਅਬਦੁਲ ਰਊਫ਼ ਬਾਬਰ ਕੈਸਰਾਨੀ ਦੀ ਅਗਵਾਈ ਵਿੱਚ ਇੱਕ ਪੁਲਸ ਟੀਮ ਸੁਰੱਖਿਆ ਬਲਾਂ ਨਾਲ ਮੌਕੇ 'ਤੇ ਪਹੁੰਚ ਗਈ ਅਤੇ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਜ਼ਖ਼ਮੀ ਸੁਰੱਖਿਆ ਕਰਮਚਾਰੀਆਂ 'ਚ ਹੌਲਦਾਰ ਤਨਵੀਰ, ਹੌਲਦਾਰ ਜ਼ੁਲਫੀਕਾਰ, ਲਾਂਸ ਨਾਇਕ ਮੁਸਤਫਾ, ਸਿਪਾਹੀ ਹਨੀਫ, ਸਿਪਾਹੀ ਨਵਾਜ਼, ਨਾਇਕ ਲਿਆਕਤ, ਲਾਂਸ ਨਾਇਕ ਫਰਾਜ, ਨਾਇਕ ਸ਼ਾਹਿਦ, ਸਿਪਾਹੀ ਸਿਕੰਦਰ, ਮੀਰ ਜਾਫਰ, ਅਮੀਰ ਅਸਗਰ, ਨਾਇਕ ਅਜ਼ਹਰ, ਨਾਇਕ ਮੂਸਾ, ਸਿਪਾਹੀ ਫਿਦਾ ਹੁਸੈਨ ਸ਼ਾਮਲ ਹਨ। ਕਾਂਸਟੇਬਲ ਸਾਹਿਬ ਕਮਲ, ਕਾਂਸਟੇਬਲ ਕਾਮਰਾਨ, ਕਾਂਸਟੇਬਲ ਤੰਜੀਮ, ਕਾਂਸਟੇਬਲ ਆਰਿਫ, ਬਾਸਿਤ ਅਲੀ, ਸਲੀਮ, ਨਾਈ ਵਸੀਮ ਅਤੇ ਡਰਾਈਵਰ ਕਾਂਸਟੇਬਲ ਮੁਨੀਬ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News