ਪੁਲਸ ਦੇ ਭੇਸ ''ਚ ਆਉਂਦੇ ਲੁਟੇਰਿਆਂ ਤੋਂ ਸਾਵਧਾਨ ਰਹਿਣ ਲਈ ਸਕਾਟਲੈਂਡ ਪੁਲਸ ਨੇ ਕੀਤੀ ਅਪੀਲ
Wednesday, Nov 24, 2021 - 03:39 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਪੁਲਸ ਦੇ ਭੇਸ ਵਿੱਚ ਲੁਟੇਰਿਆਂ ਦੇ ਗਿਰੋਹ ਸਰਗਰਮ ਦੱਸੇ ਜਾ ਰਹੇ ਹਨ। ਲੁੱਟੇ ਜਾਂ ਠੱਗੇ ਜਾ ਚੁੱਕੇ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਦੇ ਅਧਾਰ 'ਤੇ "ਅਸਲੀ ਪੁਲਸ" ਨੇ ਲੋਕਾਂ ਨੂੰ ਇਹਨਾਂ ਲੁਟੇਰਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਹਨਾਂ ਲੁਟੇਰਿਆਂ ਵੱਲੋਂ ਜ਼ਿਆਦਾਤਰ ਬਜ਼ੁਰਗ ਔਰਤਾਂ ਤੇ ਮਰਦਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ। ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਫੋਨ ਕਾਲ ਰਾਹੀਂ ਡਰ ਦਾ ਮਾਹੌਲ ਪੈਦਾ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਆਪਣੀ ਨਕਦੀ, ਬੈਂਕ ਕਾਰਡ ਅਤੇ ਪਾਸਵਰਡ ਦਰਵਾਜੇ ਅੱਗੇ ਖੜ੍ਹੇ ਨਕਲੀ ਪੁਲਸ ਮੁਲਾਜ਼ਮਾਂ ਨੂੰ ਸੌਂਪਣ ਦੀ ਤਾਕੀਦ ਕੀਤੀ ਜਾਂਦੀ ਹੈ।
ਅਜਿਹੀ ਵਾਰਦਾਤ ਵਿੱਚ ਲੁੱਟ ਕਰਵਾ ਚੁੱਕੀ ਇੱਕ 97 ਸਾਲਾ ਪੀੜਤਾ ਨੂੰ ਇੱਕ ਔਰਤ ਦਾ ਫੋਨ ਆਇਆ, ਜਿਸ ਨੇ ਆਪਣੇ ਆਪ ਨੂੰ ਬਜ਼ੁਰਗ ਮਹਿਲਾ ਦੀ ਬੈਂਕ ਦੀ ਮੁਲਾਜ਼ਮ ਦੱਸਿਆ। ਉਸ ਨੇ ਬਜ਼ੁਰਗ ਮਹਿਲਾ ਨੂੰ ਉਸਦੇ ਖਾਤੇ ਸਬੰਧੀ ਸ਼ੱਕੀ ਗਤੀਵਿਧੀ ਹੋਣ ਬਾਰੇ ਕਹਿ ਕੇ ਆਪਣੇ ਖਾਤੇ ਦੀ ਸੁਰੱਖਿਆ ਲਈ ਘਰ ਅੱਗੇ ਆਏ ਇੱਕ ਪੁਲਸ ਅਧਿਕਾਰੀ ਨੂੰ ਬੈਂਕ ਕਾਰਡ ਅਤੇ ਪਾਸਵਰਡ ਸੌਂਪ ਦੇਣ ਲਈ ਕਿਹਾ ਪਰ ਜਲਦ ਹੀ ਇਹ ਮਾਮਲਾ ਬੈਂਕ ਦੇ ਧਿਆਨ ਵਿੱਚ ਆ ਜਾਣ ਕਰਕੇ ਲੁਟੇਰੇ ਆਪਣੀ ਕੋਸ਼ਿਸ ਦੇ ਬਾਵਜੂਦ ਵੀ ਖਾਤੇ ਵਿੱਚੋਂ ਨਕਦੀ ਨਾ ਕਢਵਾ ਸਕੇ।
ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ ਕੱਟੜਪੰਥੀ ਸਮੂਹ 'ਦਿ ਬੇਸ', ਹਿਜ਼ਬੁੱਲਾ ਨੂੰ 'ਅੱਤਵਾਦੀ ਸੰਗਠਨ' ਕਰੇਗਾ ਘੋਸ਼ਿਤ
ਜ਼ਿਕਰਯੋਗ ਹੈ ਕਿ ਨੌਸਰਬਾਜਾਂ ਵੱਲੋਂ ਇਸੇ ਅੰਦਾਜ਼ ਵਿੱਚ ਹੀ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਸਕਾਟਲੈਂਡ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਤੁਹਾਨੂੰ ਇਸ ਤਰ੍ਹਾਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਰੰਤ ਅਧਿਕਾਰਤ ਤੌਰ 'ਤੇ ਜਾਰੀ ਕੀਤੇ ਗਏ ਪੁਲਸ ਦੇ ਫੋਨ ਨੰਬਰ 'ਤੇ ਕਾਲ ਕਰੋ ਤਾਂ ਕਿ ਅਜਿਹੇ ਲੋਕਾਂ ਨੂੰ ਮੌਕੇ 'ਤੇ ਹੀ ਦਬੋਚਿਆ ਜਾ ਸਕੇ।
ਪੜ੍ਹੋ ਇਹ ਅਹਿਮ ਖਬਰ -ਦਲਾਈ ਲਾਮਾ ਨੇ ਆਪਣੇ ਭਵਿੱਖ ਬਾਰੇ ਚਰਚਾ ਕਰਨ ਦੇ ਚੀਨ ਦੇ ਪ੍ਰਸਤਾਵ ਨੂੰ ਠੁਕਰਾਇਆ