ਏਸ਼ੀਆ ''ਚ ਚੁਤਰਫ਼ਾ ਘਿਰਿਆ ਚੀਨ; ਇਕੱਠੇ ਹੋਏ ਭਾਰਤ-ਜਾਪਾਨ ਅਤੇ ਆਸਟ੍ਰੇਲੀਆ

07/02/2020 6:28:26 PM

ਸਿਡਨੀ (ਬਿਊਰੋ): ਪਿਛਲੇ ਕਾਫੀ ਲੰਬੇ ਸਮੇਂ ਤੋਂ ਚੀਨ ਆਪਣੀ ਵਿਸਥਾਰਵਾਦੀ ਨੀਤੀ ਦੇ ਲਈ ਜਾਣਿਆ ਜਾਂਦਾ ਹੈ। ਉਸ ਦੀ ਕੋਸ਼ਿਸ਼ ਹਰ ਹਾਲਤ ਵਿਚ ਇਸ ਨੀਤੀ ਨੂੰ ਲਾਗੂ ਕਰਨ 'ਤੇ ਰਹਿੰਦੀ ਹੈ। ਇਸ ਵਾਰ ਜਦੋਂ ਚੀਨ ਨੇ ਭਾਰਤ ਦੇ ਸਾਹਮਣੇ ਇਸ ਨੀਤੀ ਨੰ ਅਪਨਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਇਹ ਭਾਰੀ ਪੈ ਗਈ ਕਿਉਂਕਿ ਭਾਰਤ ਦੇ ਜਵਾਬ ਦੇ ਬਾਅਦ ਹੁਣ ਲੱਗਭਗ ਦੁਨੀਆ ਦਾ ਹਰੇਕ ਤਾਕਤਵਰ ਦੇਸ਼ ਚੀਨ ਵਿਰੁੱਧ ਖੜ੍ਹਾ ਹੈ।ਚੀਨ ਵਿਰੁੱਧ ਨਾ ਸਿਰਫ ਗੁਆਂਢੀ ਦੇਸ਼ ਸਗੋਂ ਹਜ਼ਾਰਾਂ ਕਿਲੋਮੀਟਰ ਦੂਰ ਸਥਿਤ ਦੇਸ਼ ਵੀ ਖੜ੍ਹੇ ਹੋ ਗਏ ਹਨ।

ਅਮਰੀਕਾ ਨੇ ਵੀ ਦਿੱਤਾ ਸਾਥ
ਭਾਰਤ ਨੇ ਸਭ ਤੋਂ ਪਹਿਲਾਂ ਚੀਨ ਦੇ ਕਾਰੋਬਾਰ 'ਤੇ ਹਮਲਾ ਕਰਦਿਆਂ ਦੇਸ਼ ਵਿਚ ਕੰਮ ਕਰ ਰਹੀਆਂ 59 ਮੋਬਾਇਲ ਐਪ 'ਤੇ ਰੋਕ ਲਗਾ ਦਿੱਤੀ ਅਤੇ ਇਹਨਾਂ ਨੂੰ ਸੁਰੱਖਿਆ ਲਈ ਖਤਰਾ ਦੱਸਿਆ। ਇਸ ਦੇ ਬਾਅਦ ਅਮਰੀਕਾ ਨੇ ਵੀ ਭਾਰਤ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਇਸ ਨੂੰ ਦੇਸ਼ ਦੀ ਸੁਰੱਖਿਆ ਦੇ ਹਿੱਤ ਵਿਚ ਦੱਸਿਆ। ਅਮਰੀਕਾ ਲਗਾਤਾਰ ਭਾਰਤ ਅਤੇ ਚੀਨ ਵਿਚ ਜਾਰੀ ਵਿਵਾਦ ਦੇ ਮਾਮਲੇ 'ਤੇ ਭਾਰਤ ਵੱਲ ਖੜ੍ਹਾ ਹੈ। ਗਲਵਾਨ ਘਾਟੀ ਦੀ ਘਟਨਾ ਤੇ ਦੋਹਾਂ ਦੇਸ਼ਾਂ ਵਿਚ ਤਿੱਖੇ ਸੰਬੰਧਾਂ ਦੇ ਲਈ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਮਰੀਕਾ ਨੇ ਵੀ ਚੀਨ ਦੀਆਂ ਦੋ ਕੰਪਨੀਆਂ ਨੂੰ ਸੁਰੱਖਿਆ ਲਈ ਖਤਰਾ ਦੱਸਿਆ ਅਤੇ ਉਹਨਾਂ 'ਤੇ ਪਾਬੰਦੀ ਲਗਾ ਦਿੱਤੀ।

ਚੀਨ ਵਿਰੁੱਧ ਖੁੱਲ੍ਹ ਕੇ ਆਇਆ ਆਸਟ੍ਰੇਲੀਆ
ਅਮਰੀਕਾ ਅਤੇ ਭਾਰਤ ਦੇ ਇਲਾਵਾ ਆਸਟ੍ਰੇਲੀਆ ਲਗਾਤਾਰ ਚੀਨ 'ਤੇ ਹਮਲਾ ਬੋਲ ਰਿਹਾ ਹੈ। ਬੀਤੇ ਦਿਨੀਂ ਆਸਟ੍ਰੇਲੀਆ ਵਿਚ ਸਭ ਤੋਂ ਵੱਡਾ ਸਾਈਬਰ ਹਮਲਾ ਹੋਇਆ ਸੀ ਅਤੇ ਸ਼ੱਕ ਚੀਨ 'ਤੇ ਹੀ ਗਿਆ ਸੀ। ਇਸ ਦੇ ਇਲਾਵਾ ਆਸਟ੍ਰੇਲੀਆਈ ਪੀ.ਐੱਮ ਸਕੌਟ ਮੌਰੀਸਨ ਨੇ ਆਪਣਾ ਰੱਖਿਆ ਬਜਟ ਪਲਾਨ ਪੇਸ਼ ਕੀਤਾ ਹੈ ਉਸ ਵਿਚ ਇੰਡੋ-ਪੈਸੀਫਿਕ ਵਿਵਾਦ ਨੂੰ ਸ਼ਾਮਲ ਕੀਤਾ ਹੈ। ਮੌਰੀਸਨ ਨੇ ਨਵੇਂ ਹਥਿਆਰਾਂ ਦੀ ਖਰੀਦ ਦਾ ਵੀ ਐਲਾਨ ਕੀਤਾ ਹੈ। ਇਸ ਦੇ ਇਲਾਵਾ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਆਸਟ੍ਰੇਲੀਆ ਕਈ ਮਹੱਤਵਪੂਰਣ ਖੇਤਰਾਂ ਵਿਚ ਆਪਣੀ ਫੌਜ ਦੀ ਤਾਇਨਾਤੀ ਵਧਾਏਗਾ।

ਮੌਰੀਸਨ ਨੇ ਬੁੱਧਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਆਪਣੇ ਸੁਪਰ ਹਾਰਨੇਟ ਫਾਈਟਾਰ ਜੈੱਟਸ ਦੇ ਬੇੜੇ ਨੂੰ ਮਜ਼ਬੂਤ ਕਰਨ ਲਈ ਲੰਬੀ ਦੂਰੀ ਦੀਆਂ ਐਂਟੀ ਸ਼ਿਪ ਮਿਜ਼ਾਈਲਾਂ ਦੀ ਖਰੀਦ ਸਮੇਤ ਦੇਸ਼ ਦੀ ਰੱਖਿਆ ਰਣਨੀਤੀ ਵਿਚ ਤਬਦੀਲੀ ਕਰੇਗਾ। ਆਸਟ੍ਰੇਲੀਆ ਇਹ ਕਦਮ ਦੋਸਤ ਦੇਸ਼ਾਂ, ਸਾਥੀਆਂ ਅਤੇ ਮੁੱਖ ਭੂਮੀ ਦੀ ਰੱਖਿਆ ਲਈ ਚੁੱਕ ਰਿਹਾ ਹੈ। ਉਹ ਹਾਈਪਰਸੋਨਿਕ ਮਿਜ਼ਾਈਲਾਂ ਦੀ ਖਰੀਦ ਸਬੰਧੀ ਅਮਰੀਕਾ ਨਾਲ ਗੱਲ ਕਰਨ ਦੀ ਤਿਆਰੀ ਵਿਚ ਹੈ। 

ਜਾਪਾਨ ਦਾ ਮਿਲਿਆ ਸਾਥ
ਦੂਜੇ ਪਾਸੇ ਜਾਪਾਨ ਦੇ ਨਾਲ ਪਹਿਲਾਂ ਹੀ ਚੀਨ ਦਾ 36 ਦਾ ਅੰਕੜਾ ਹੈ ਕਿਉਂਕਿ ਹਾਂਗਕਾਂਗ ਦਾ ਮਾਮਲਾ ਹੋਵੇ ਜਾਂ ਫਿਰ ਤਾਈਵਾਨ ਜਾਂ ਦੱਖਣੀ ਚੀਨ ਸਾਗਰ ਦਾ ਵਿਵਾਦ ਜਾਪਾਨ ਹਮੇਸ਼ਾ ਚੀਨ ਦੇ ਵਿਰੁੱਧ ਰਿਹਾ ਹੈ। ਇੰਨਾ ਹੀ ਨਹੀਂ ਮੌਜੂਦਾ ਸਮੇਂ ਵਿਚ ਦੱਖਣੀ ਚੀਨ ਸਾਗਰ ਵਿਚ ਜਾਪਾਨ ਨੇ ਆਪਣੀ ਨੇਵੀ ਨੂੰ ਮਜ਼ਬੂਤ ਕੀਤਾ ਹੈ। ਅਮਰੀਕਾ-ਜਾਪਾਨ ਅਤੇ ਭਾਰਤ ਦੀ ਤਿਕੜੀ ਲਗਾਤਾਰ ਚੀਨ ਦੀ ਗੇਮ ਵਿਗਾੜ ਰਹੀ ਹੈ। ਜੇਕਰ ਆਸੀਆਨ ਵਰਗੇ ਸੰਗਠਨ ਅਤੇ ਯੂਰਪ ਦੀ ਗੱਲ ਕਰੀਏ ਤਾਂ ਦੋਹੀਂ ਪਾਸਿਓ ਵੀਅਤਨਾਮ ਦੇ ਵਿਵਾਦ ਅਤੇ ਹਾਂਗਕਾਂਗ ਵਿਚ ਲਾਗੂ ਕੀਤੇ ਗਏ ਕਾਨੂੰਨ ਦਾ ਵਿਰੋਧ ਕੀਤਾ ਗਿਆ ਹੈ। ਅਜਿਹੇ ਵਿਚ ਚੀਨ 'ਤੇ ਚਾਰੇ ਪਾਸਿਓਂ ਹਮਲਾ ਹੋ ਰਿਹਾ ਹੈ ਉਹ ਵੀ ਉਦੋਂ ਜਦੋਂ ਉਹ ਪਹਿਲਾਂ ਤੋਂ ਹੀ ਕੋਰੋਨਾਵਾਇਰਸ ਦੇ ਮਾਮਲੇ 'ਤੇ ਦੁਨੀਆ ਦੇ ਨਿਸ਼ਾਨੇ 'ਤੇ ਹੈ। 


Vandana

Content Editor

Related News