ਮੌਰੀਸਨ ਨੇ ਚੀਨ ਵੱਲੋਂ ਆਸਟ੍ਰੇਲੀਆਈ ਵ੍ਹਾਈਨ ਦੀ ਲਗਾਤਾਰ ਵਧਾਈ ਜਾ ਰਹੀ ਕੀਮਤ ਦੀ ਕੀਤੀ ਨਿਖੇਧੀ
Sunday, Mar 28, 2021 - 10:41 AM (IST)
ਸਿਡਨੀ (ਬਿਊਰੋ): ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸਾਫ਼ ਸ਼ਬਦਾਂ ਵਿਚ ਕਿਹਾ ਹੈ ਕਿ ਚੀਨ ਵੱਲੋਂ ਆਪਣੇ ਇੱਥੇ ਵੇਚੀ ਜਾਣ ਵਾਲੀ ਆਸਟ੍ਰੇਲੀਆਈ ਵ੍ਹਾਈਨ ਦੀਆਂ ਕੀਮਤਾਂ ਵਿਚ ਕੀਤਾ ਜਾ ਰਿਹਾ ਲਗਾਤਾਰ ਵਾਧਾ, ਆਸਟ੍ਰੇਲੀਆ ਅਤੇ ਚੀਨ ਦਰਮਿਆਨ ਅਤੇ ਨਾਲ ਹੀ ਅੰਤਰ-ਰਾਸ਼ਟਰੀ ਵਪਾਰਕ ਸਮਝੌਤਿਆਂ ਦੀ ਉਲੰਘਣਾ ਹੈ। ਮੌਰੀਸਨ ਮੁਤਾਬਕ ਉਹ ਪੂਰਨ ਤੌਰ 'ਤੇ ਚੀਨ ਦੇ ਇਸ ਰਵੱਈਏ ਦੀ ਨਿਖੇਧੀ ਕਰਦੇ ਹਨ ਕਿਉਂਕਿ ਚੀਨ ਅਜਿਹਾ ਸਿਰਫ ਬਦਲਾ-ਲੈਣ ਵਾਲੀਆਂ ਨੀਤੀਆਂ ਦੀ ਆੜ ਵਿਚ ਕਰ ਰਿਹਾ ਹੈ।
ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਨੇ ਅੰਤਰ-ਰਾਸ਼ਟਰੀ ਪੱਧਰ 'ਤੇ ਫੈਲੀ ਕੋਰੋਨਾ ਮਹਾਮਾਰੀ ਦੀ ਜਾਂਚ, ਚੀਨ ਵਿਚ ਕਰਵਾਉਣ ਅਤੇ ਇਸ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਅਤੇ ਸ਼ਿਨਜਿਆਂਗ ਵਿਚ ਹੋਏ ਉਇਗਰਾਂ ਪ੍ਰਤੀ ਵਿਵਹਾਰ ਦੀ ਮੰਗ ਜ਼ੋਰ ਨਾਲ ਚੁੱਕੀ ਹੋਈ ਹੈ। ਚੀਨ ਨੂੰ ਇਹ ਗੱਲਾਂ ਹਜ਼ਮ ਨਹੀਂ ਹੋ ਰਹੀਆਂ। ਅਜਿਹੀਆਂ ਮੰਗਾਂ ਨਾਲ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਯੂ.ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀਆਂ ਨੀਤੀਆਂ ਨਾਲ ਖੜ੍ਹੇ ਸਨ ਅਤੇ ਇਸ ਸਮੇਂ ਚੀਨ ਇਕੱਲਾ ਹੋ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਕੌਮੀ ਸਿੱਖ ਖੇਡਾਂ ਨੂੰ ਸਮਰਪਿਤ ਬ੍ਰਿਸਬੇਨ 'ਚ ਸੂਬਾ ਪੱਧਰੀ ਖੇਡ ਸਮਾਗਮ 2 ਤੇ 3 ਅਪ੍ਰੈਲ ਨੂੰ
ਜ਼ਿਕਰਯੋਗ ਹੈ ਕਿ ਚੀਨ ਦੇ ਵਪਾਰਕ ਮੰਤਰਾਲੇ ਨੇ ਹੁਣੇ ਹੀ ਅਜਿਹਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਨਵੀਆਂ ਨੀਤੀਆਂ ਐਤਵਾਰ ਮਤਲਬ ਅੱਜ ਤੋਂ ਲਾਗੂ ਹੋ ਜਾਣਗੀਆਂ ਅਤੇ ਅਗਲੇ 5 ਸਾਲਾਂ ਤੱਕ ਜਾਰੀ ਰਹਿਣਗੀਆਂ।ਉੱਧਰ ਚੀਨ ਦਾ ਕਹਿਣਾ ਹੈ ਕਿ ਉਹ ਅਜਿਹਾ ਇਸ ਲਈ ਕਰ ਰਿਹਾ ਹੈ ਕਿਉਂਕਿ ਆਸਟ੍ਰੇਲੀਆਈ ਵ੍ਹਾਈਨ ਇੱਥੇ ਗੈਰ-ਕਾਨੂੰਨੀ ਤਰੀਕਿਆਂ ਦੇ ਨਾਲ ਸਟੋਰ ਕੀਤੀ ਜਾ ਰਹੀ ਹੈ ਅਤੇ ਫੇਰ ਅੰਦਰ ਖਾਤੇ ਵੇਚੀ ਜਾਂਦੀ ਹੈ। ਨਵੀਆਂ ਨੀਤੀਆਂ ਮੁਤਾਬਕ ਹੁਣ ਚੀਨ ਵਿਚ ਵਿਕਣ ਵਾਲੀ ਆਸਟ੍ਰੇਲੀਆਈ ਵ੍ਹਾਈਨ 'ਤੇ 116% ਤੋਂ ਲੈ ਕੇ 218% ਤੱਕ ਦੇ ਨਵੇਂ ਟੈਕਸ ਆਦਿ ਲਗਾਏ ਜਾ ਰਹੇ ਹਨ ਅਤੇ ਇਸ ਨਾਲ ਚੀਨੀ ਲੋਕਾਂ ਲਈ ਉਕਤ ਵ੍ਹਾਈਨ ਨੂੰ ਖਰੀਦ ਦੇ ਇਸ ਦਾ ਆਨੰਦ ਮਾਣਨਾ ਨਾ-ਮੁਮਕਿਨ ਜਿਹਾ ਹੋ ਜਵੇਗਾ ਅਤੇ ਇਸ ਨਾਲ ਇਸ ਦੀ ਮੰਗ ਅਤੇ ਸਪਲਾਈ ਵਿਚ ਅਸਰ ਪੈਣਾ ਲਾਜ਼ਮੀ ਹੈ।
ਅਸਲ ਵਿਚ ਚੀਨ ਨੇ ਬੀਤੇ ਸਾਲ ਨਵੰਬਰ ਦੇ ਮਹੀਨੇ ਵਿਚ ਹੀ ਅਜਿਹੀਆਂ ਨੀਤੀਆਂ ਦਾ ਐਲਾਨ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਆਉਣ ਵਾਲੇ ਮਾਰਚ ਦੇ ਮਹੀਨੇ ਵਿਚ ਸਥਿਤੀਆਂ ਨੂੰ ਵਾਚਿਆ ਜਾਵੇਗਾ ਅਤੇ ਲੋੜ ਪੈਣ 'ਤੇ ਅਜਿਹੀਆਂ ਨੀਤੀਆਂ ਨੂੰ ਅੱਗੇ ਵੀ ਵਧਾਇਆ ਜਾਵੇਗਾ।
ਨੋਟ- ਮੌਰੀਸਨ ਨੇ ਚੀਨ ਵੱਲੋਂ ਆਸਟ੍ਰੇਲੀਆਈ ਵ੍ਹਾਈਨ ਦੀ ਵਧਾਈ ਜਾ ਰਹੀ ਕੀਮਤ ਦੀ ਕੀਤੀ ਨਿਖੇਧੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।